ਬੈਂਕ ਔਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰਾਂ ਵਿਚ 25 ਪ੍ਰਤੀਸ਼ਤ ਅੰਕਾਂ ਦਾ ਵਾਧਾ ਕੀਤਾ ਹੈ। ਅਪ੍ਰੈਲ 2001 ਤੋਂ ਬਾਅਦ ਪਹਿਲੀ ਵਾਰੀ ਵਿਆਜ ਦਰ 5% ‘ਤੇ ਪਹੁੰਚ ਗਈ ਹੈ। ਅਰਥਸ਼ਾਸਤਰੀਆਂ ਨੂੰ ਵਿਆਜ ਦਰਾਂ ਵਿਚ ਵਾਧੇ ਦਾ ਹੀ ਅਨੁਮਾਨ ਸੀ, ਕਿਉਂਕਿ ਪਿਛਲੇ ਹਫ਼ਤੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਲੇਬਰ ਫ਼ੋਰਸ ਸਰਵੇਖਣ ਨੇ ਦਰਸਾਇਆ ਸੀ ਕਿ ਕੈਨੇਡੀਅਨ ਅਰਥਚਾਰੇ ਵਿਚ ਪਿਛਲੇ ਮਹੀਨੇ 60,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ, ਜੋ ਕਿ ਇੱਕ ਓਵਰਹੀਟੇਡ ਆਰਥਿਕਤਾ ਦੀ ਨਿਸ਼ਾਨੀ ਹੈ।
ਓਵਰਹੀਟਿੰਗ ਦੇ ਹਾਲਾਤ ਉਦੋਂ ਬਣਦੇ ਹਨ ਜਦੋਂ ਆਰਥਿਕਤਾ ਵਿਚ ਉਤਪਾਦਨ ਸਮਰੱਥਾ ਮੰਗ ਦੇ ਹਿਸਾਬ ਨਾਲ ਵਧ ਨਹੀਂ ਪਾਉਂਦਾ। ਬੁੱਧਵਾਰ ਨੂੰ ਕੀਤਾ ਗਿਆ ਵਾਧਾ ਮਾਰਚ 2022 ਤੋਂ ਬਾਅਦ ਵਿਆਜ ਦਰਾਂ ਵਿਚ ਕੀਤਾ 10ਵਾਂ ਵਾਧਾ ਹੈ। ਜਨਵਰੀ ਵਿਚ ਆਰਥਿਕਤਾ ਦੇ ਕੁਝ ਮੱਧਮ ਹੋਣ ਦੇ ਸੰਕੇਤ ਮਿਲਣ ‘ਤੇ ਕੁਝ ਮਹੀਨਿਆਂ ਲਈ ਵਿਆਜ ਦਰ ਵਾਧਿਆਂ ‘ਤੇ ਵਿਰਾਮ ਲੱਗ ਗਿਆ ਸੀ, ਪਰ ਜੂਨ ਵਿਚ ਇਹ ਸਿਲਸਿਲਾ ਮੁੜ ਸ਼ੁਰੂ ਹੋ ਗਿਆ।
ਹਾਲਾਂਕਿ ਵਿਆਜ ਦਰ ਵਾਧਿਆਂ ਦਾ ਉਦੇਸ਼ ਉਪਭੋਗਤਾ ਖ਼ਰਚਿਆਂ ਨੂੰ ਘਟਾਉਣਾ ਸੀ, ਪਰ ਰਿਪੋਰਟ ਅਨੁਸਾਰ ਰਿਟੇਲ ਸੈਕਟਰ ਸਣੇ ਅਰਥਚਾਰੇ ਵਿਚ ਅਜੇ ਵੀ ‘ਵਾਧੂ ਮੰਗ’ ਮੌਜੂਦ ਹੈ ਅਤੇ ਮੁਲਕ ਦੀ ਵਧਦੀ ਆਬਾਦੀ ਨੌਕਰੀਆਂ ਦੇ ਵਿਕਾਸ, ਖ਼ਰਚਿਆਂ ਅਤੇ ਹਾਊਸਿੰਗ ਦੀ ਮੰਗ ਵਿਚ ਯੋਗਦਾਨ ਪਾ ਰਹੀ ਹੈ।
ਸੀਬੀਸੀ ਨਿਊਜ਼