ਟੋਰਾਂਟੋ (ਸਤਪਾਲ ਸਿੰਘ ਜੌਹਲ)-ਟੋਰਾਂਟੋ ਦੇ ਉੱਤਰੀ ਪਾਸੇ ਟੋਟਨਹੈਮ (ਬਰੈਂਪਟਨ ਤੇ ਬੈਰੀ ਵਿਚਕਾਰ ਸੁਨਮਸਾਨ ਇਲਾਕਾ) ਵਿਖੇ ਵੀਰਵਾਰ ਰਾਤ ਨੂੰ 11 ਕੁ ਵਜੇ ਰੇਲ ਗੱਡੀ ਤੇ ਕਾਰ ਦੀ ਟੱਕਰ ਹੋਈ ਜਿਸ ਵਿੱਚ ਕਾਰ ਸਵਾਰ ਦੋ ਕੁੜੀਆਂ (ਉਮਰ 19 ਤੇ 25 ਸਾਲ) ਦੀ ਮੌਤ ਹੋ ਗਈ ਅਤੇ ਕਾਰ ਚਲਕ ਮੁੰਡੇ ਸਮੇਤ 3 ਕਾਰ ਸਵਾਰ (ਹਰੇਕ ਦੀ ਉਮਰ 20 ਕੁ ਸਾਲ) ਜਖਮੀ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਕੁੜੀ ਦੀ ਮੌਕੇ `ਤੇ ਜਾਨ ਚਲੀ ਗਈ ਅਤੇ ਦੂਸਰੀ ਦੀ ਮੌਤ ਹਸਪਤਾਲ ਵਿੱਚ ਹੋਈ। ਪੁਲਿਸ ਨੇ ਅਜੇ ਕੋਈ ਨਾਮ ਨਹੀਂ ਦੱਸੇ ਪਰ ਮਿਲ ਰਹੀ ਜਾਣਕਾਰੀ ਅਨੁਸਾਰ ਕਾਰ ਸਵਾਰ ਪੰਜਾਬੀ ਸਨ ਜਿਨ੍ਹਾਂ ਵਿੱਚ ਅਜੇ ਹਾਲ ਹੀ ਵਿੱਚ ਕੈਨੇਡਾ ਵਿੱਚ ਪੜ੍ਹਾਈ ਕਰਨ ਪੁੱਜੀਆਂ ਕੁੜੀਆਂ ਵੀ ਸ਼ਾਮਿਲ ਸਨ। ਪਤਾ ਲੱਗਾ ਹੈ ਕਿ ਰਾਤ ਸਮੇਂ ਵਾਪਰੀ ਘਟਨਾ ਮੌਕੇ ਰੇਲਵੇ ਲਾਂਘੇ ਦੀਆਂ ਬੱਤੀਆਂ ਫਲੈਸ਼ ਕਰ ਰਹੀਆਂ ਸਨ ਪਰ ਓਥੇ ਰੇਲਵੇ ਲਾਈਨ ਤੋਂ ਗੱਡੀਆਂ ਨੂੰ ਦੂਰ ਰੱਖਣ ਲਈ ਕੋਈ ਰੋਕ (ਬੈਰੀਕੇਡ) ਨਹੀਂ ਸੀ। ਕੈਨੇਡਾ ਸਮੇਤ ਪੱਛਮੀ ਦੇਸ਼ਾਂ ਵਿੱਚ ਬਿਨਾ ਫਾਟਕਾਂ ਤੋਂ ਰੇਲਵੇ ਲਾਂਘੇ ਆਮ ਹਨ ਜਿੱਥੇ ਫਲੈਸ਼ ਲਾਈਟਾਂ ਅਤੇ ਟੱਲੀਆਂ ਦੀਆਂ ਆਵਾਜਾ ਨਾਲ ਡਰਾਈਵਰਾਂ ਨੂੰ ਗੱਡੀਆਂ ਰੋਕਣ ਲਈ ਸੁਚੇਤ ਕੀਤਾ ਜਾਂਦਾ ਤਾਂਕਿ ਰੇਲ ਗੱਡੀ ਲੰਘ ਸਕੇ। ਦੁਰਘਟਨਾਵਾਂ ਅਕਸਰ (ਬਹੁਤ ਘੱਟ) ਉਨ੍ਹਾਂ ਗੱਡੀਆਂ ਨਾਲ ਵਾਪਰਦੀਆਂ ਜੋ ਰੇਲ ਗੱਡੀ ਦੀ ਜ਼ਦ ਵਿੱਚ ਜਾਂ ਲਾਈਨ ਦੇ ਉਪਰ ਲਿਜਾ ਕੇ ਰੋਕੀਆਂ ਗਈਆਂ ਹੋਣ। ਪੁਲਿਸ ਵਲੋਂ ਉਪਰੋਕਤ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ।