ਓਨਟੇਰਿਓ ਦੇ ਹੈਮਿਲਟਨ ਵਿਚ ਇੱਕ ਐਲਾਨ ਮੌਕੇ ਟ੍ਰੂਡੋ ਨੇ ਕਿਹਾ ਸੀ ਕਿ ਹਾਊਸਿੰਗ ਪ੍ਰਮੁੱਖ ਤੌਰ ‘ਤੇ ਫ਼ੈਡਰਲ ਜ਼ਿੰਮੇਵਾਰੀ ਨਹੀਂ ਹੈ, ਫ਼ੈਡਰਲ ਸਰਕਾਰ ਇਸ ਵਿਚ ਮਦਦ ਕਰ ਸਕਦੀ ਹੈ ਅਤੇ ਉਸਨੂੰ ਕਰਨੀ ਵੀ ਚਾਹੀਦੀ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਹਾਊਸਿੰਗ ਸੰਕਟ ਲਈ ਲਿਬਰਲ ਸਰਕਾਰ ਜ਼ਿੰਮੇਵਾਰ ਹੈ।
ਪੌਲੀਐਵ ਨੇ ਟ੍ਰੂਡੋ ਦੀ ਇਸ ਟਿੱਪਣੀ ਨੂੰ ਹਾਸੋਹੀਣੀ ਗੱਲ ਆਖਦਿਆਂ ਕਿਹਾ ਕਿ ਅੱਠ ਸਾਲ ਪਹਿਲਾਂ ਟ੍ਰੂਡੋ ਨੇ ਰਿਹਾਇਸ਼ ਦੀਆਂ ਲਾਗਤਾਂ ਘਟਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹੁਣ ਟ੍ਰੂਡੋ ਆਪਣੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਪੱਲਾ ਛੁਡਾ ਰਹੇ ਹਨ।
ਕੰਜ਼ਰਵੇਟਿਵ ਲੀਡਰ ਬਣਨ ਦੇ ਬਾਅਦ ਤੋਂ ਹੀ ਪੀਅਰ ਪੌਲੀਐਵ ਮਹਿੰਗਾਈ ਅਤੇ ਜੀਵਨ ਦੀਆਂ ਵਧਦੀਆਂ ਲਾਗਤਾਂ ਨੂੰ ਲੈਕੇ ਟ੍ਰੂਡੋ ਸਰਕਾਰ ਦੀ ਆਲੋਚਨਾ ਕਰਦੇ ਰਹੇ ਹਨ, ਜਿਸ ਵਿਚ ਉਨ੍ਹਾਂ ਦਾ ਸਭ ਤੋਂ ਅਹਿਮ ਨੁਕਤਾ ਘਰਾਂ ਦੀਆਂ ਅਸਮਾਨ ਛੂਹੰਦੀਆਂ ਕੀਮਤਾਂ ਦਾ ਹੁੰਦਾ ਹੈ। ਪੌਲੀਐਵ ਨੇ ਕਿਹਾ ਕਿ ਲਿਬਰਲ ਸਰਕਾਰ ਉਨ੍ਹਾਂ ਨੀਤੀਆਂ ਲਈ ਜ਼ਿੰਮੇਵਾਰ ਹੈ, ਜੋ ਹਾਊਸਿੰਗ ਨੂੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਵਿਚ ਇਮੀਗ੍ਰੇਸ਼ਨ, ਬੁਨਿਆਦੀ ਢਾਂਚਾ ਅਤੇ ਟੈਕਸ, ਅਤੇ ਫ਼ੈਡਰਲ ਸਰਕਾਰ ਦੇ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਵਰਗੇ ਇਦਾਰੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਫ਼ੈਡਰਲ ਹਨ, ਅਤੇ ਫ਼ਿਰ ਵੀ ਪ੍ਰਧਾਨ ਮੰਤਰੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੌਲੀਐਵ ਨੇ ਕੰਜ਼ਰਵੇਟਿਵਜ਼ ਵੱਲੋਂ ਹਾਊਸਿੰਗ ਸੰਕਟ ਦੇ ਹੱਲ ਲਈ ਕੁਝ ਸੁਝਾਅ ਦਿੱਤੇ ਹਨ, ਜਿਸ ਵਿਚ ਸਿਟੀ ਵੱਲੋਂ ਵਧੇਰੇ ਬਿਲਡਿੰਗ ਪਰਮਿਟ ਜਾਰੀ ਹੋਣੇ ਜ਼ਰੂਰੀ ਕਰਨਾ, ਸੰਘਣੀ ਵੱਸੋਂ ਵਾਲੇ ਇਲਾਕਿਆਂ ਵਿਚ ਟ੍ਰਾਂਜ਼ਿਟ ਸਟੇਸ਼ਨਾਂ ਦੀ ਮੰਜ਼ੂਰੀ ਅਤੇ ਫ਼ੈਡਰਲ ਇਮਾਰਤਾਂ ਨੂੰ ਵੇਚਕੇ ਉਸ ਜ਼ਮੀਨ ਨੂੰ ਹਾਊਸਿੰਗ ਵਾਸਤੇ ਦੇਣ ਵਰਗੇ ਉਪਾਅ ਸ਼ਾਮਲ ਹਨ।
ਸੀਬੀਸੀ ਨਿਊਜ਼