ਕੈਨੇਡੀਅਨ ਖ਼ਬਰਾਂ ਦੀ ਵਰਤੋਂ ਕਰਨ ‘ਤੇ ਗੂਗਲ ਅਤੇ ਮੈਟਾ ਨੂੰ ਕੈਨੇਡੀਅਨ ਮੀਡੀਆ ਅਦਾਰਿਆਂ ਨਾਲ ਕਿੰਨਾ ਮਾਲੀਆ ਸਾਂਝਾ ਕਰਨਾ ਹੋਵੇਗਾ, ਇਸ ਬਾਰੇ ਫ਼ੈਡਰਲ ਸਰਕਾਰ ਨੇ ਡਰਾਫ਼ਟ ਨਿਯਮ ਜਾਰੀ ਕੀਤੇ ਹਨ। ਫ਼ੈਡਰਲ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਔਨਲਾਈਨ ਨਿਊਜ਼ ਐਕਟ ਦੇ ਤਹਿਤ ਛੋਟਾਂ ਲਈ ਪ੍ਰਸਤਾਵਿਤ ਮਾਪਦੰਡਾਂ ਨੂੰ ਪੂਰਾ ਕਰਨ ਲਈ ਗੂਗਲ ਨੂੰ $172 ਮਿਲੀਅਨ ਅਤੇ ਫੇਸਬੁੱਕ ਨੂੰ $62 ਮਿਲੀਅਨ ਮੁਆਵਜ਼ੇ ਦੀ ਪੇਸ਼ਕਸ਼ ਕਰਨ ਦੀ ਜ਼ਰੂਰਤ ਹੋਏਗੀ।
ਸਰਕਾਰ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਡਰਾਫ਼ਟ ਨਿਯਮਾਂ ਵਿਚ ਪਹਿਲੀ ਵਾਰ ਦੱਸਿਆ ਗਿਆ ਹੈ ਕਿ ਸਰਕਾਰ ਦਾ ਵੱਡੀਆਂ ਟੈਕ ਕੰਪਨੀਆਂ ਅਤੇ ਕੈਨੇਡਾ ਦੇ ਪੱਤਰਕਾਰੀ ਖੇਤਰ ਵਿਚਕਾਰ ਨਿਰਪੱਖ ਅਤੇ ਬਰਾਬਰ ਸਥਿਤੀ ਪੈਦਾ ਕਰਨ ਲਈ ਕੀ ਪ੍ਰਸਤਾਵ ਹੈ। ਹੈਰੀਟੇਜ ਮਿਨਿਸਟਰ ਪਾਸਕਲ ਸੇਂਟ-ਓਂਜ ਨੇ ਪ੍ਰਸਤਾਵ ਜਾਰੀ ਕਰਨ ਤੋਂ ਬਾਅਦ ਦ ਕੈਨੇਡੀਅਨ ਪ੍ਰੈੱਸ ਨੂੰ ਦੱਸਿਆ, ਇਸ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਜਿਨ੍ਹਾਂ ਕੰਪਨੀਆਂ ਨੂੰ ਕੈਨੇਡੀਅਨ ਮਾਰਕੀਟ ਤੋਂ ਮੁਨਾਫ਼ੇ ਹੁੰਦੇ ਹਨ ਉਹ ਇਸ ਬਿਲ ਦੇ ਅਧੀਨ ਆਉਣ। ਇਸ ਐਕਟ ਦੇ ਅਧੀਨ ਉਹ ਕੰਪਨੀਆਂ ਆਉਣਗੀਆਂ ਜਿਨ੍ਹਾਂ ਕੋਲ ਇੱਕ ਕੈਲੰਡਰ ਸਾਲ ਵਿੱਚ ਕੁੱਲ ਆਲਮੀ ਆਮਦਨ $1 ਬਿਲੀਅਨ ਜਾਂ ਇਸ ਤੋਂ ਵੱਧ ਹੋਵੇ, ਉਹ ਕੈਨੇਡਾ ਵਿੱਚ ਖਬਰਾਂ ਦੀ ਸਮੱਗਰੀ ਨੂੰ ਸਾਂਝਾ ਕਰਨ ਤੇ ਉਹਨਾਂ ਤੱਕ ਪਹੁੰਚ ਪ੍ਰਦਾਨ ਕਰਨ ਵਾਲੇ ਖੋਜ ਇੰਜਨ ਜਾਂ ਸੋਸ਼ਲ ਮੀਡੀਆ ਮਾਰਕੀਟ ਵਿੱਚ ਕੰਮ ਕਰਦੀਆਂ ਹੋਣ ਅਤੇ ਜਿਨ੍ਹਾਂ ਕੋਲ ਹਰ ਮਹੀਨੇ ਔਸਤਨ 20 ਮਿਲੀਅਨ ਕੈਨੇਡੀਅਨ ਵਿਜ਼ੀਟਰ ਹੋਣ।
ਫ਼ਿਲਹਾਲ ਗੂਗਲ ਅਤੇ ਮੈਟਾ ਹੀ ਅਜਿਹੀਆਂ ਕੰਪਨੀਆਂ ਹਨ ਜੋ ਉਕਤ ਮਾਪਦੰਡਾਂ ਤਹਿਤ ਐਕਟ ਦੇ ਦਾਇਰੇ ਵਿਚ ਆਉਂਦੀਆਂ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਈਕ੍ਰੋਸਾਫਟ ਦਾ ਬਿੰਗ ਸਰਚ ਇੰਜਨ ਇਸ ਐਕਟ ਦੇ ਅਧੀਨ ਆਉਣ ਦੇ ਸਭ ਤੋਂ ਨੇੜੇ ਹੈ। ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਕੰਪਨੀਆਂ ਇਸ ਐਕਟ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਹਨ ਜੇਕਰ ਉਹ ਪਹਿਲਾਂ ਹੀ ਕੈਨੇਡੀਅਨ ਪੱਤਰਕਾਰੀ ਵਿੱਚ ਸਰਕਾਰੀ ਫਾਰਮੂਲੇ ਦੁਆਰਾ ਨਿਰਧਾਰਤ ਰਕਮ ਦਾ ਯੋਗਦਾਨ ਪਾਉਂਦੀਆਂ ਹਨ। ਸਰਕਾਰ ਦਾ ਫਾਰਮੂਲਾ ਇੱਕ ਟੈਕ ਕੰਪਨੀ ਦੇ ਗਲੋਬਲ ਰੈਵਨਿਊ ਅਤੇ ਉਨ੍ਹਾਂ ਦੀ ਗਲੋਬਲ ਜੀਡੀਪੀ ਵਿੱਚ ਕੈਨੇਡਾ ਦੇ ਹਿੱਸੇ ‘ਤੇ ਆਧਾਰਿਤ ਹੈ। ਡਰਾਫ਼ਟ ਨਿਯਮ 30 ਦਿਨਾਂ ਦੇ ਸਲਾਹ-ਮਸ਼ਵਰੇ ਦੇ ਪਾਤਰ ਹਨ। ਮੈਟਾ ਨੇ ਇਸ ਪ੍ਰਸਤਾਵ ‘ਤੇ ਨਿਰਾਸ਼ਾ ਜਤਾਈ ਹੈ।
(ਸੀਬੀਸੀ ਨਿਊਜ਼)