ਜਦੋਂ ਆਪ ਸਰਕਾਰ ਪੰਜਾਬ ਵਿੱਚ ਸੱਤਾ ਵਿੱਚ ਆਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਨੌਕਰੀਆਂ ਦੇਣ ਦੇ ਨਾਲ-ਨਾਲ ਰਿਸ਼ਵਤ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਗੱਲ ਕਹੀ ਸੀ। ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਇਸ ਵਿੱਚ ਕੁਝ ਕੁ ਹੱਦ ਤੱਕ ਸਫਲ ਵੀ ਜ਼ਰੂਰ ਹੋਈ ਪਰ ਰਿਸ਼ਵਤ ਦੇ ਇਸ ਉੱਭਰੇ ਰੁਝਾਨ ਨੂੰ ਇਕਦਮ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੈ। ਪੰਜਾਬ ਵਿੱਚ ਰਿਸ਼ਵਤ ਲੈਣ ਦਾ ਕਥਿਤ ਤੌਰ ‘ਤੇ ਇੱਕ ਨਵਾਂ ਰੁਝਾਨ ਤੇਜ਼ੀ ਨਾਲ ਉੱਭਰ ਰਿਹਾ ਹੈ। ਸੂਬੇ ਦੇ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰਿਸ਼ਵਤ ਲੈਣ ਲਈ Google Pay ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਰਿਸ਼ਵਤ ਵੱਖ-ਵੱਖ ਸਰਕਾਰੀ ਕੰਮਾਂ ਦੇ ਬਦਲੇ ਲਈ ਜਾ ਰਹੀ ਹੈ।
ਇਸ ਲਈ ਰਿਸ਼ਵਤ ਲੈਣ ਤੋਂ ਪਹਿਲਾਂ ਅਧਿਕਾਰੀ ਅਤੇ ਕਰਮਚਾਰੀ ਕਹਿੰਦੇ ਹਨ, “ਵਿਜੀਲੈਂਸ ਇਨ੍ਹੀਂ ਦਿਨੀਂ ਬਹੁਤ ਚੌਕਸ ਹੈ, ਰੰਗੇ ਹੱਥੀਂ ਫੜ ਰਹੀ, Google Pay ਰਾਹੀਂ ਕਮਿਸ਼ਨ ਭੇਜੋ ਤਾਂ ਜੋ ਨਕਦ ਲੈਣ-ਦੇਣ ਦੇ ਚੱਕਰ ਨੂੰ ਖਤਮ ਕੀਤਾ ਜਾ ਸਕੇ।” Google Pay ‘ਤੇ ਇੱਕ ਵਾਰ ਵਿੱਚ ਜ਼ਿਆਦਾ ਪੈਸੇ ਟ੍ਰਾਂਸਫਰ ਨਹੀਂ ਹੁੰਦੇ, ਅਧਿਕਾਰੀ ਅਤੇ ਕਰਮਚਾਰੀ ਕਿਸ਼ਤਾਂ ਵਿਚ ਲੋਕਾਂ ਤੋਂ ਰਿਸ਼ਵਤ ਲੈਂਦੇ ਹਨ। ਇਸ ਦੇ ਮੰਤਵ ਸਪਸ਼ਟ ਹੈ ਕਿ ਰਿਸ਼ਵਤ ਲੈਣ ਸਮੇਂ ਕੋਈ ਵੀ ਉਨ੍ਹਾਂ ਨੂੰ ਫੜ ਨਾ ਸਕੇ। ਵਿਜੀਲੈਂਸ ਭਵਨ ਨੂੰ ਪੰਜਾਬ ਦੇ ਕਈ ਵਿਭਾਗਾਂ ਤੋਂ ਹਰ ਮਹੀਨੇ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਵਿਜੀਲੈਂਸ ਨੇ ਹੁਣ ਤੱਕ 6 ਮਾਮਲਿਆਂ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਹੈ। 22 ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ।