ਫ਼ੈਡਰਲ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਮਕਾਨਾਂ ਨੂੰ ਹੋਰ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਵੱਜੋਂ ਨਵੇਂ ਕਿਰਾਏ ਦੇ ਅਪਾਰਟਮੈਂਟਾਂ ਦੀ ਉਸਾਰੀ ‘ਤੇ ਜੀਐਸਟੀ ਨੂੰ ਤੁਰੰਤ ਖ਼ਤਮ ਕਰ ਦੇਵੇਗੀ।ਓਨਟਾਰੀਓ ਦੇ ਲੰਡਨ ਵਿੱਚ ਚਲ ਰਹੇ ਲਿਬਰਲ ਕੌਕਸ ਦੇ ਇਜਲਾਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਕਿ ਇਹ ਉਪਾਅ ਜੀਵਨ ਦੀ ਲਾਗਤ ਨੂੰ ਘਟਾਉਣ ਦੇ ਉਦੇਸ਼ਾਂ ਵਿੱਚੋਂ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਅੱਜ ਇਸ ਬਾਰੇ ਰਸਮੀ ਐਲਾਨ ਕਰਨਗੇ। NDP ਲੰਬੇ ਸਮੇਂ ਤੋਂ ਫ਼ੈਡਰਲ ਸਰਕਾਰ ਵੱਲੋਂ ਇਹ ਕਦਮ ਚੁੱਕੇ ਜਾਣ ਦੀ ਮੰਗ ਕਰ ਰਹੀ ਸੀ। ਇਸ ਖ਼ਬਰ ਦਾ NDP ਨੇ ਸਵਾਗਤ ਕੀਤਾ ਹੈ। NDP ਦੇ ਇੱਕ ਬੁਲਾਰੇ ਨੇ ਕਿਹਾ ਕਿ ਲਿਬਰਲਾਂ ਨੂੰ ਇਹ ਫ਼ੈਸਲਾ ਕਈ ਮਹੀਨੇ ਪਹਿਲਾਂ ਕਰ ਲੈਣਾ ਚਾਹੀਦਾ ਸੀ।
ਟਰੂਡੋ ਸਰਕਾਰ ‘ਤੇ ਹਾਊਸਿੰਗ ਸੰਕਟ ਨੂੰ ਲੈਕੇ ਪਿਛਲੇ ਕੁਝ ਮਹੀਨਿਆਂ ਦੌਰਾਨ ਦਬਾਅ ਬਹੁਤ ਵਧਿਆ ਹੈ। ਬੁੱਧਵਾਰ ਨੂੰ ਟਰੂਡੋ ਨੇ ਲੰਡਨ ਵਿਚ ਹਾਊਸਿੰਗ ਨਿਰਮਾਣ ਦੇ ਸਬੰਧ ਵਿਚ 74 ਮਿਲੀਅਨ ਦੀ ਮਦਦ ਦਾ ਵੀ ਐਲਾਨ ਕੀਤਾ ਸੀ। ਲੰਡਨ, ਹਾਊਸਿੰਗ ਐਕਸੀਲਰੇਟਰ ਫ਼ੰਡ ਤਹਿਤ ਸਰਕਾਰ ਨਾਲ ਇਕਰਾਰਨਾਮਾ ਕਰਨ ਵਾਲਾ ਕੈਨੇਡਾ ਦਾ ਪਹਿਲਾ ਸ਼ਹਿਰ ਹੈ।ਨਵੇਂ ਸਮਝੌਤੇ ਦੇ ਤਹਿਤ ਲੰਡਨ ਆਪਣੇ ਲੋਕਲ ਜ਼ੋਨਿੰਗ ਨਿਯਮਾਂ ਵਿਚ ਤਬਦੀਲੀ ਕਰੇਗਾ ਤਾਂ ਕਿ ਵਧੇਰੇ ਕਿਰਾਏ ਦੇ ਯੂਨਿਟ ਬਣਾਉਣਾ ਸੌਖਾ ਹੋ ਸਕੇ।