ਕਿਲੋਨਾ ਦੇ ਇੱਕ ਸਕੂਲ ਤੋਂ ਬੀਸੀ ਟ੍ਰਾਂਜ਼ਿਟ ਦੀ ਬੱਸ ਵਿਚ ਘਰ ਵਾਪਸ ਜਾ ਰਹੇ ਸਿੱਖ ਵਿਦਿਆਰਥੀ ‘ਤੇ ਪੈਪਰ ਸਪ੍ਰੇਅ ਨਾਲ ਹਮਲਾ ਕੀਤਾ ਗਿਆ। ਕਿਲੋਨਾ RCMP ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਓਕਨਾਗਨ ਸ਼ਹਿਰ ਦੇ ਰੂਟਲੈਂਡ ਰੋਡ ਅਤੇ ਰੌਬਸਨ ਰੋਡ ਦੇ ਇੰਟਰਸੈਕਨ ‘ਤੇ ਬਣੇ ਬੱਸ ਸਟਾਪ ‘ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ 17 ਸਾਲ ਦੇ ਇੱਕ ਸਿੱਖ ਵਿਦਿਆਰਥੀ ‘ਤੇ ਇੱਕ ਹੋਰ ਟੀਨੇਜਰ ਨੇ ਬੱਸ ਵਿਚ ਝਗੜੇ ਤੋਂ ਬਾਅਦ ਬੀਅਰ ਸਪ੍ਰੇਅ ਜਾਂ ਪੈਪਰ ਸਪ੍ਰੇਅ ਨਾਲ ਹਮਲਾ ਕੀਤਾ।ਪੁਲਿਸ ਅਧਿਕਾਰੀ ਮਾਈਕਲ ਗੌਥੀਏ ਨੇ ਦੱਸਿਆ ਕਿ ਬਹੁਤ ਸਾਰੇ ਚਮਸ਼ਦੀਦ ਗਵਾਹਾਂ ਦੇ ਬਿਆਨ ਲਏ ਗਏ ਹਨ ਅਤੇ ਸ਼ੱਕੀ ਟੀਨੇਜਰ ਦੀ ਪਛਾਣ ਕਰ ਲਈ ਗਈ ਹੈ। ਵਰਲਡ ਸਿੱਖ ਔਰਗੇਨਾਈਜੇਸ਼ਨ ਔਫ਼ ਕੈਨੇਡਾ (WSO) ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਵਿਦਿਆਰਥੀ ਨੂੰ ਸਮਝ ਨਹੀਂ ਆ ਰਹੀ ਕਿ ਉਸ ਉੱਤੇ ਇਸ ਤਰ੍ਹਾਂ ਹਮਲਾ ਕਿਉਂ ਕੀਤਾ ਗਿਆ। WSO ਨੇ ਕਿਹਾ ਕਿ ਪੀੜਤ ਕੈਨੇਡਾ ਵਿੱਚ ਨਵਾਂ ਆਇਆ ਹੈ ਅਤੇ ਉਸਨੂੰ ਹੁਣ ਆਪਣੇ ਰੂਟਲੈਂਡ ਸੀਨੀਅਰ ਸੈਕੰਡਰੀ ਸਕੂਲ ਜਾਂ ਬੱਸ ਵਿਚ ਸਫਰ ਕਰਨ ਤੋਂ ਡਰ ਲੱਗ ਰਿਹਾ ਹੈ।
WSO ਦੇ ਅਨੁਸਾਰ, ਹਮਲੇ ਵਿੱਚ ਦੋ ਵਿਅਕਤੀ ਸ਼ਾਮਲ ਸਨ ਅਤੇ ਕਥਿਤ ਤੌਰ ‘ਤੇ ਸਿੱਖ ਨੌਜਵਾਨ ਨੂੰ ਬੱਸ ਵਿੱਚ ਲਾਈਟਰ ਨਾਲ ਧਮਕਾਇਆ ਗਿਆ ਸੀ ਅਤੇ ਇਸ ਘਟਨਾ ਨੂੰ ਫ਼ਿਲਮਾਇਆ ਵੀ ਗਿਆ ਸੀ। WSO ਦੇ ਮੁਤਾਬਕ, ਪੀੜਤ ਦੇ ਪਿੱਛੇ ਮੁੜਨ ‘ਤੇ ਉਸ ਨੂੰ ਬੱਸ ਡਰਾਈਵਰ ਦੇ ਸਾਹਮਣੇ ਲੱਤਾਂ ਅਤੇ ਮੁੱਕੇ ਵੀ ਮਾਏ ਗਏ। ਬੀਸੀ ਵਿਚ ਸੰਸਥਾ ਦੇ ਉਪ-ਪ੍ਰਧਾਨ, ਅਮਨ ਸਿੰਘ ਹੁੰਦਲ ਨੇ ਕਿਹਾ ਕਿ ਇਸ ਤੋਂ ਬਾਅਦ ਬੱਸ ਡਰਾਈਵਰ ਨੇ ਹਮਲਾਵਰਾਂ ਅਤੇ ਪੀੜਤ ਨੂੰ ਬੱਸ ਚੋਂ ਬਾਹਰ ਹੋਣ ਲਈ ਆਖਿਆ, ਜਿਸ ਮਗਰੋਂ ਪੈਪਰ ਸਪ੍ਰੇਅ ਹਮਲੇ ਵਾਲੀ ਘਟਨਾ ਹੋਈ ਅਤੇ ਮੌਕੇ ‘ਤੇ ਮੌਜੂਦ ਲੋਕ ਵਿਚ ਪਏ।ਹੁੰਦਲ ਨੇ ਕਿਹਾ ਕਿ ਉਹ ਬੀਸੀ ਟ੍ਰਾਂਜ਼ਿਟ ਨੂੰ ਲੈਕੇ ਵੀ ਫ਼ਿਕਰਮੰਦ ਹੈ। ਉਸ ਨੇ ਸਵਾਲ ਚੁੱਕਿਆ ਕਿ ਜਦੋਂ ਪੀੜਤ ‘ਤੇ ਹਮਲਾ ਹੋ ਰਿਹਾ ਸੀ ਤਾਂ, ਸਿਰਫ਼ ਹਮਲਾਵਰਾਂ ਨੂੰ ਬੱਸ ਚੋਂ ਥੱਲੇ ਲਾਹੁਣਾ ਚਾਹੀਦਾ ਸੀ। ਪੀੜਤ ਨੂੰ ਉਨ੍ਹਾਂ ਦੋ ਹਮਲਾ ਕਰਨ ਵਾਲਿਆਂ ਨਾਲ ਇਕੱਲਾ ਕਿਉਂ ਛੱਡਿਆ ਗਿਆ। ਬੀਸੀ ਟ੍ਰਾਂਜ਼ਿਟ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਪੀੜਤ ਨਾਲ ਹਮਰਦਰਦੀ ਜਤਾਉਂਦਿਆਂ ਕਿਹਾ ਕਿ ਉਹ ਆਰਸੀਐਮਪੀ ਨਾਲ ਜਾਂਚ ਵਿਚ ਸਹਿਯੋਗ ਕਰ ਰਹੇ ਹਨ।
ਹੁੰਦਲ ਵੱਲੋਂ ਪੀੜਤ ਨੂੰ ਕਥਿਤ ਹਮਲਾਵਰਾਂ ਨਾਲ ਬੱਸ ਚੋਂ ਉਤਾਰਨ ਦੇ ਇਲਜ਼ਾਮ ਬਾਰੇ ਟ੍ਰਾਂਜ਼ਿਟ ਨੇ ਸਿੱਧਾ ਜਵਾਬ ਨਹੀਂ ਦਿੱਤਾ ‘ਤੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਬੁਲਾਰੇ ਨੇ ਕਿਹਾ, ਹਾਲਾਂਕਿ ਬੀਸੀ ਟ੍ਰਾਂਜ਼ਿਟ ਬੱਸਾਂ ਅਤੇ ਬੱਸ ਅੱਡਿਆਂ ‘ਤੇ ਇਸ ਕਿਸਮ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਪਰ ਅਸੀਂ ਅਣਉਚਿਤ ਅਤੇ ਗ਼ੈਰ-ਕਾਨੂੰਨੀ ਵਿਵਹਾਰ ਦੀਆਂ ਰਿਪੋਰਟਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸ਼ਿਕਾਇਤਾਂ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਾਂ।ਕਿਲੋਨਾ ਦੀ ਸਿਟੀ ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਪੀੜਤ 5 ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ ਅਤੇ ਉਸਨੂੰ ਬਹੁਤ ਘੱਟ ਅੰਗ੍ਰੇਜ਼ੀ ਆਉਂਦੀ ਹੈ। ਮੋਹਿਨੀ ਨੇ ਇਸ ਹਮਲੇ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਆਖਿਆ। ਮੋਹਿਨੀ ਨੇ ਦੱਸਿਆ ਕਿ ਇਸ ਘਟਨਾ ਨੇ ਪੂਰੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਝੰਜੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵਿਚ ਸਿੱਖ ਅੰਤਰਰਾਸ਼ਟਰੀ ਵਿਦਿਆਰਥੀ ਗਗਨਦੀਪ ਸਿੰਘ ‘ਤੇ ਵੀ ਕਿਲੋਨਾ ਇਲਾਕੇ ਵਿਚ ਬੀਸੀ ਟ੍ਰਾਂਜ਼ਿਟ ਬੱਸ ਚੋਂ ਉਤਰਨ ਮਗਰੋਂ ਹਮਲਾ ਹੋਇਆ ਸੀ।
(ਸੀਬੀਸੀ ਨਿਊਜ਼)