ਮਹਾਂਮਾਰੀ ਦੌਰਾਨ ਲੋਕਾਂ ਦੇ ਕੁਆਰੰਟੀਨ ਲਈ ਵਰਤੇ ਗਏ ਵੈਸਟਿਨ ਕੈਲਗਰੀ ਏਅਰਪੋਰਟ ਹੋਟਲ ਦੇ ਇੱਕ ਸਹਿ-ਮਾਲਕ ‘ਤੇ ਕਰੀਬ 16 ਮਿਲੀਅਨ ਡਾਲਰ ਦੇ ਸਰਕਾਰੀ ਫ਼ੰਡਾਂ ਵਿਚ ਘਪਲਾ ਕਰਨ ਦਾ ਇਲਜ਼ਾਮ ਲੱਗਾ ਹੈ। ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਖਮਿੰਦਰ ਸੁੱਖੀ ਰਾਏ ਅਤੇ ਉਨ੍ਹਾਂ ਦੀ PHI ਹੌਸਪਿਟੈਲਿਟੀ ਕਾਰਪੋਰੇਸ਼ਨ ਨੇ, ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਵੱਲੋਂ ਯਾਤਰੀਆਂ ਦੇ ਲਾਜ਼ਮੀ ਕੁਆਰੰਟੀਨ ਦੌਰਾਨ ਹੋਟਲ ਨੂੰ ਦਿੱਤੀ ਗਈ ਰਾਸ਼ੀ ਵਿਚੋਂ ਪੈਸਾ ਆਪਣੇ ਕੋਲ ਰੱਖਿਆ ਹੈ। ਵੈਸਟਿਨ ਹੋਟਲ ਦੇ ਦੋ ਹੋਰ ਸਹਿ-ਮਾਲਕਾਂ ਵੱਲੋਂ ਰਾਏ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਗਿਆ ਹੈ। ਮੁਕੱਦਮੇ ਵਿਚ ਦਾਇਰ ਕੀਤੇ ਬਿਆਨ ਅਨੁਸਾਰ, ਰਾਏ ਨੇ ਹੋਟਲ ਅਤੇ ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ (PHAC) ਨਾਲ ਫ਼ਰਾਡ ਕੀਤਾ, ਜਿਸ ਵਿਚ ਉਸਨੇ ਹੋਟਲ ਦੇ ਬਾਕੀ ਮਾਲਕਾਂ ਨੂੰ ਕਿਹਾ ਕਿ ਸਰਕਾਰ ਪੂਰੇ ਹੋਟਲ ਨੂੰ ਲੈ ਰਹੀ ਹੈ ਪਰ ਸਿਰਫ਼ 100 ਕਮਰਿਆਂ ਲਈ ਭੁਗਤਾਨ ਕਰ ਰਹੀ ਹੈ – ਜਦਕਿ ਅਸਲ ਵਿਚ ਰਾਏ ਨੇ ਸਰਕਾਰ ਨਾਲ ਹੋਟਲ ਦੇ ਸਾਰੇ 247 ਕਮਰਿਆਂ ਦੇ ਭੁਗਤਾਨ ਦੀ ਗੱਲ ਕੀਤੀ ਸੀ।
ਦਾਅਵਾ ਕੀਤਾ ਗਿਆ ਹੈ ਕਿ ਰਾਏ ਨੇ 147 ਕਮਰਿਆਂ ਲਈ ਹੋਏ ਭੁਗਤਾਨ ਦਾ ਘਪਲਾ ਕੀਤਾ ਜੋਕਿ 15.7 ਮਿਲੀਅਨ ਡਾਲਰ ਬਣਦਾ ਹੈ। ਦਸਤਾਵੇਜ਼ ਦਰਸਾਉਂਦੇ ਹਨ ਕਿ ਰਾਏ, ਜੋ ਇੱਕ ਬੀਸੀ ਨਿਵਾਸੀ ਹੈ, ਨੇ PHAC ਦੁਆਰਾ ਵੈਸਟਿਨ ਹੋਟਲ ਦਾ ਕਿਰਾਇਆ ਜਮਾਂ ਕਰਾਉਣਾ ਸ਼ੁਰੂ ਕਰਨ ਤੋਂ ਇੱਕ ਮਹੀਨਾ ਪਹਿਲਾਂ PHI ਹੌਸਪਿਟੈਲਿਟੀ ਦੇ ਨਾਂ ਇੱਕ ਬੈਂਕ ਖਾਤਾ ਖੋਲਿਆ ਸੀ। ਉਹ ਖਾਤਾ PHI ਦੇ ਵੈਸਟਿਨ ਦੇ ਸੰਚਾਲਨ ਨਾਲ ਸੰਬੰਧਿਤ ਨਹੀਂ ਸੀ। ਫ਼ੈਡਰਲ ਹੈਲਥ ਏਜੰਸੀ ਦੇ ਡਿਪਾਜ਼ਿਟ ਰਿਕਾਰਡਾਂ ਅਨੁਸਾਰ, ਉਸ ਖਾਤੇ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਕੁੱਲ $27.74 ਮਿਲੀਅਨ ਤੋਂ $29.07 ਮਿਲੀਅਨ ਦਰਮਿਆਨ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ।
ਹਲਫੀਆ ਬਿਆਨ ਪ੍ਰਮਾਣਿਤ ਕਰਦੇ ਹਨ ਕਿ ਕੁਆਰੰਟੀਨ ਸਮਝੌਤੇ ਤਹਿਤ ਹੋਟਲ ਨੂੰ ਸਿਰਫ $12.05 ਮਿਲੀਅਨ ਦਾ ਭੁਗਤਾਨ ਕੀਤਾ ਗਿਆ ਸੀ। ਹਲਫ਼ਨਾਮਿਆਂ ਦੁਆਰਾ ਤਸਦੀਕਸ਼ੁਦਾ ਆਰਬੀਸੀ ਦੇ ਵਿੱਤੀ ਦਸਤਾਵੇਜ਼ ਦੋਸ਼ ਲਾਉਂਦੇ ਹਨ ਕਿ ਗਾਇਬ ਕੀਤੇ ਪੈਸੇ ਨੂੰ ਰਾਏ ਨਾਲ ਸਬੰਧਤ ਕਈ ਸੰਸਥਾਵਾਂ ਨੂੰ ਭੇਜਿਆ ਗਿਆ, ਨਕਦੀ ਕਢਾਈ ਗਈ ਜਾਂ ਵਿਦੇਸ਼ੀ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਗਿਆ। ਇਹਨਾਂ ਵਿਚੋਂ ਕੋਈ ਵੀ ਦੋਸ਼ ਅਦਾਲਤ ਵਿਚ ਸਾਬਤ ਨਹੀਂ ਹੋਇਆ ਹੈ।ਰਾਏ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਦਾਅਵਿਆਂ ਦਾ ਮੁਕਾਬਲਾ ਕਰਨ ਲਈ ਅਦਾਲਤੀ ਆਦੇਸ਼ਾਂ ਅਤੇ ਵਾਧੂ ਸੁਣਵਾਈਆਂ ਸਮੇਤ ਕਈ ਕਾਨੂੰਨੀ ਕਦਮ ਚੁੱਕ ਰਿਹਾ ਹੈ।
ਰਾਏ ਨੇ ਕਿਹਾ, ਅਦਾਲਤੀ ਦਸਤਾਵੇਜ਼ਾਂ ਵਿੱਚ ਗੜਬੜੀ ਦੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਇਹ ਸਿਰਫ਼ ਇੱਕ ਵਪਾਰਕ ਝਗੜਾ ਹੈ ਕਿ ਕਿਹੜੀਆਂ ਧਿਰਾਂ ਕਿੰਨੇ ਪੈਸੇ ਲਈ ਹੱਕਦਾਰ ਹਨ, ਜਿਸ ਦੀ ਰਕਮ ਨੂੰ ਅਦਾਲਤੀ ਦਸਤਾਵੇਜ਼ਾਂ ਵਿੱਚ ਵਧਾ-ਚੜ੍ਹਾ ਕੇ ਦਰਸਾਇਆ ਗਿਆ ਹੈ, ਅਤੇ ਧਿਆਨ ਖਿੱਚਣ ਲਈ ਇਸ ਨੂੰ ਸਨਸਨੀਖ਼ੇਜ਼ ਅਤੇ ਝੂਠੇ ਦੋਸ਼ਾਂ ਨਾਲ ਤਿਆਰ ਕੀਤਾ ਗਿਆ ਹੈ। ਹੋਟਲ ਦੀ ਮਲਕੀਅਤ ਤਿੰਨ ਸਾਂਝੇ ਵੈਂਚਰਾਂ ਦੀ ਹੈ, ਜਿਸ ਵਿੱਚ ਸਿਕਸਿਕਾ ਕੈਲਗਰੀ ਏਅਰਪੋਰਟ ਲਿਮਟਿਡ ਪਾਰਟਨਰਸ਼ਿਪ ਦੀ ਮਲਕੀਅਤ ਵਾਲੀ 50 ਫੀਸਦੀ ਹਿੱਸੇਦਾਰੀ ਵੀ ਸ਼ਾਮਲ ਹੈ। ਰਾਏ ਦੀਆਂ ਕੁਝ ਕੰਪਨੀਆਂ ਨੇ ਵੈਸਟਿਨ ਹੋਟਲ ਬਣਾਉਣ ਵਿੱਚ ਮਦਦ ਕੀਤੀ ਸੀ, ਫਿਰ ਉਸਦੀ PHI ਹੌਸਪਿਟੈਲਿਟੀ ਨੇ 2018 ਵਿੱਚ ਇਸਦਾ ਰੋਜ਼ਾਨਾ ਪ੍ਰਬੰਧਨ ਲੈ ਲਿਆ ਸੀ।
ਸਿਕਸਿਕਾ ਦੇ ਵਕੀਲ ਸ਼ੇਨ ਬ੍ਰੇਕਰ ਨੇ ਕਿਹਾ, ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਸ਼੍ਰੀ ਸੁਖਮਿੰਦਰ ਰਾਏ ਨੇ, PHAC ਫੰਡਾਂ, ਜੋ ਕਿ PHAC ਨੇ ਵੈਸਟਿਨ ਹੋਟਲ ਨੂੰ ਕਥਿਤ ਤੌਰ ‘ਤੇ ਭੁਗਤਾਨ ਕੀਤੇ ਅਤੇ ਵੈਸਟਿਨ ਹੋਟਲ ਦੁਆਰਾ ਰਿਪੋਰਟ ਕੀਤੀ ਗਈ ਆਮਦਨ ਵਿਚਕਾਰ ਅੰਤਰ ਬਾਰੇ, ਕੋਈ ਤਸੱਲੀਬਖਸ਼ ਜਾਂ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਹੋਟਲ ਦੇ ਸਹਿ-ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕਥਿਤ ਗੜਬੜੀ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਆਪਣੇ ਹੋਟਲ ‘ਤੇ ਫ਼ੈਡਰਲ ਖ਼ਰਚਿਆਂ ਦੀਆਂ ਮੀਡੀਆ ਰਿਪੋਰਟਾਂ ਦੇਖੀਆਂ, ਜੋਕਿ ਉਨ੍ਹਾਂ ਦੇ ਰਿਕਾਰਡਾਂ ਨਾਲ ਮੇਲ ਨਹੀਂ ਖਾਂਦੀਆਂ ਸਨ। ਹਲਫ਼ੀਆ ਬਿਆਨ ਵਿਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਰਾਏ ਨਾਲ ਇਸ ਬਾਰੇ ਸੰਪਰਕ ਕੀਤਾ ਪਰ ਕੋਈ ਲਾਭ ਨਾ ਹੋਇਆ।
ਹੋਟਲ ਦੇ ਇਕ ਹੋਰ ਸਹਿ-ਮਾਲਕ ਸਤਨਾਮ ਰਾਏ ਨੇ ਕਿਹਾ, ਮੈਨੂੰ ਚਿੰਤਾ ਹੈ ਕਿ ਕਢਾਈ ਗਈ ਕਿਸੇ ਵੀ ਨਕਦੀ ਨੂੰ ਟ੍ਰੇਸ ਕਰਨਾ ਜਾਂ ਰਿਕਵਰ ਕਰਨਾ ਅਸੰਭਵ ਹੋਵੇਗਾ। PHAC ਜੋਕਿ ਮੁਕੱਦਮੇ ਵਿਚ ਇੱਕ ਧਿਰ ਨਹੀਂ ਹੈ, ਨੇ ਇਸ ਮੁੱਦੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਪਰ ਕਿਹਾ ਕਿ ਵਿੱਤੀ ਪ੍ਰਸ਼ਾਸਨ ਐਕਟ ਵਿੱਚ ਅਜਿਹੀਆਂ ਨੀਤੀਆਂ ਹਨ ਜੋ ਇਹ ਨਿਯੰਤਰਿਤ ਕਰਦੀਆਂ ਹਨ ਕਿ ਭੁਗਤਾਨਾਂ ਦਾ ਪ੍ਰਬੰਧਨ ਕਿਵੇਂ ਕੀਤਾ ਜਾਂਦਾ ਹੈ। ਸਹਿ-ਮਾਲਕਾਂ ਨੇ ਰਾਏ, PHI ਹੌਸਪਿਟੈਲਿਟੀ ਅਤੇ ਉਸ ਦੀਆਂ 10 ਹੋਰ ਸੰਬੰਧਿਤ ਕੰਪਨੀਆਂ ‘ਤੇ ਮੁਕੱਦਮਾ ਕੀਤਾ ਹੈ ਜਿਨ੍ਹਾਂ ਨੇ ਕਥਿਤ ਤੌਰ ‘ਤੇ PHAC ਫੰਡਾਂ ਦੀ ਦੁਰਵਰਤੋਂ ਕੀਤੀ ਸੀ। ਇੱਕ ਜੱਜ ਨੇ ਅੰਤਰਿਮ ਤੌਰ ‘ਤੇ ਰਾਏ ਦੀ ਸੰਪਤੀ ਨੂੰ ਜ਼ਬਤ ਕਰਨ ਦੀ ਅਰਜ਼ੀ ਮਨਜ਼ੂਰ ਕਰ ਦਿੱਤੀ ਹੈ। ਹੋਟਲ ਮਾਲਕ ਇਕਰਾਰਨਾਮੇ ਦੀ ਉਲੰਘਣਾ, ਹਰਜਾਨੇ ਅਤੇ ਧੋਖਾਧੜੀ ਦੀ ਸਾਜ਼ਿਸ਼ ਲਈ ਘੱਟੋ ਘੱਟ $18 ਮਿਲੀਅਨ ਦੇ ਭੁਗਤਾਨ ਜਾਂ ਗੜਬੜੀ ਦੀ ਰਕਮ ਰਿਕਵਰ ਹੋਣ ਦੀ ਮੰਗ ਕਰ ਰਹੇ ਹਨ।
(ਸੀਬੀਸੀ ਨਿਊਜ਼)