ਨਾਟੋ ਦੇ ਇੱਕ ਉੱਚ ਅਧਿਕਾਰੀ ਅਤੇ ਕੈਨੇਡਾ ਦੇ ਟੌਪ ਫੌਜੀ ਕਮਾਂਡਰ ਦੋਵਾਂ ਨੇ ਪਿਛਲੇ ਹਫਤੇ ਦੌਰਾਨ ਸਹਿਯੋਗੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਅਸਲੇ ਦੀ ਘਾਟ ਸੰਕਟ ਦੀ ਸਥਿਤੀ ਵਿੱਚ ਪਹੁੰਚ ਗਈ ਹੈ ਅਤੇ ਗੋਲਾ ਬਾਰੂਦ ਦਾ ਉਤਪਾਦਨ ਵਧਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ। ਚੀਫ਼ ਔਫ਼ ਡਿਫ਼ੈਂਸ ਸਟਾਫ਼ ਜਨਰਲ ਵੇਨ ਆਇਰ ਨੇ ਹਾਲ ਹੀ ਵਿੱਚ ਹਾਊਸ ਔਫ਼ ਕੌਮਨਜ਼ ਦੀ ਕਮੇਟੀ ਨੂੰ ਦੱਸਿਆ ਕਿ ਜੇਕਰ ਕੈਨੇਡੀਅਨ ਫੌਜਾਂ ਨੂੰ ਰੂਸੀ ਹਮਲੇ ਨੂੰ ਰੋਕਣ ਲਈ ਲੜ ਰਹੇ ਯੂਕਰੇਨੀ ਫੌਜਾਂ ਵਾਂਗ ਆਪਣਾ ਅਸਲਾ ਚਲਾਉਣ ਲਈ ਕਿਹਾ ਜਾਂਦਾ ਹੈ, ਤਾਂ ਉਹਨਾਂ ਦੇ ਗੋਲੇ ਬਾਰੂਦ ਦੀ ਸਪਲਾਈ ਸਿਰਫ ਕੁਝ ਦਿਨਾਂ ਲਈ ਹੀ ਜਾਰੀ ਰਹੇਗੀ।
ਕੈਨੇਡਾ ਦੇ ਜ਼ਿਆਦਾਤਰ ਪ੍ਰਮੁੱਖ ਸਹਿਯੋਗੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਤੋਪਖਾਨੇ ਦੇ ਮਹੀਨਾਵਾਰ ਆਉਟਪੁੱਟ ਨੂੰ ਵਧਾਉਣ ਲਈ ਹਥਿਆਰਾਂ ਦੇ ਸਪਲਾਇਰਾਂ ਨਾਲ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ – ਜਿਹਨਾਂ ਵਿਚੋਂ ਜ਼ਿਆਦਾਤਰ ਸਮਝੌਤੇ 155 ਐਮਐਮ ਗੋਲਾ ਬਾਰੂਦ ਨਾਲ ਸਬੰਧਤ ਹਨ ਜਿਹੜੀ ਕਿਸਮ ਕੈਨੇਡਾ ਦੇ M-777 ਹੌਵਿਟਜ਼ਰ ਦੁਆਰਾ ਵਰਤੀ ਜਾਂਦੀ ਹੈ।ਇਸ ਹਫ਼ਤੇ ਵਾਰਸਾਅ ਸੁਰੱਖਿਆ ਫੋਰਮ ਵਿੱਚ, ਨਾਟੋ ਦੀ ਮਿਲਟਰੀ ਕੌਂਸਲ ਦੇ ਮੁਖੀ, ਐਡਮਿਰਲ ਰੌਬ ਬੌਅਰ ਨੇ ਚੇਤਾਵਨੀ ਦਿੱਤੀ ਕਿਭੰਡਾਰ ਦਾ ਤਲ ਹੁਣ ਦਿਖਾਈ ਦੇ ਰਿਹਾ ਹੈ, ਯਾਨੀ ਉਨ੍ਹਾਂ ਨੇ ਇਸ ਸੰਦਰਭ ਵਿਚ ਕਿਹਾ ਕਿ ਨਾਟੋ ਦੇਸ਼ਾਂ ਕੋਲ ਯੂਕਰੇਨ ਨੂੰ ਟ੍ਰਾਂਸਫਰ ਕਰਨ ਲਈ ਕਿੰਨਾ ਅਸਲਾ ਉਪਲਬਧ ਹੈ।
ਕੌਮਨਜ਼ ਦੀ ਰੱਖਿਆ ਕਮੇਟੀ ਨੂੰ ਵੀਰਵਾਰ ਨੂੰ ਦੱਸਿਆ ਗਿਆ ਕਿ ਕੈਨੇਡਾ ਸਰਕਾਰ ਨੇ ਆਪਣੇ ਗੋਲਾ ਬਾਰੂਦ ਦੀ ਸਪਲਾਈ ਨੂੰ ਵਧਾਉਣ ਲਈ ਅਜੇ ਸਮਝੌਤੇ ਨਹੀਂ ਕੀਤੇ ਹਨ। ਜਨਰਲ ਆਇਰ ਨੇ ਕਿਹਾ ਕਿ ਉਹ ਗੋਲੇ ਬਾਰੂਦ ਦੇ ਘਟਦੇ ਭੰਡਾਰ ਨੂੰ ਲੈਕੇ ਡਾਢੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਜਿਸ ਦਰ ਉੱਤੇ ਯੂਕਰੇਨ ਗੋਲਾ ਬਾਰੂਦ ਵਰਤ ਰਿਹਾ ਹੈ, ਜੇ ਕੈਨੇਡਾ ਨੂੰ ਉਸ ਦਰ ‘ਤੇ ਇਹ ਵਰਤਣਾ ਪਵੇ, ਤਾਂ ਸਾਡਾ ਸਟੌਕ ਕੁਝ ਦਿਨਾਂ ਵਿਚ ਹੀ ਖ਼ਤਮ ਹੋ ਜਾਵੇਗਾ ਅਤੇ ਇਸ ਦੀ ਭਰਪਾਈ ਵਿਚ ਕਈ ਸਾਲ ਲੱਗ ਜਾਣਗੇ।
(ਸੀਬੀਸੀ ਨਿਊਜ਼)