ਇੰਡਸਟਰੀ ਮਿਨਿਸਟਰ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਕਿਹਾ ਮੁਲਕ ਦੇ ਪੰਜ ਵੱਡੇ ਗ੍ਰੋਸਰਜ਼ ਨੇ ਭੋਜਨ ਦੀਆਂ ਕੀਮਤਾਂ ਵਿਚ ਸਥਿਰਤਾ ਲਿਆਉਣ ਲਈ ਫ਼ੈਡਰਲ ਸਰਕਾਰ ਨੂੰ ਆਪਣੇ ਪਲਾਨ ਪੇਸ਼ ਕੀਤੇ ਹਨ। ਸ਼ੈਂਪੇਨ ਨੇ ਪਿਛਲੇ ਮਹੀਨੇ ਲੌਬਲੌਜ਼, ਸੋਬੀਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਦੇ ਮੁਖੀਆਂ ਨਾਲ ਬੈਠਕ ਕੀਤੀ ਸੀ ਜਿਸ ਵਿਚ ਇਨ੍ਹਾਂ ਕੰਪਨੀਆਂ ਨੂੰ ਥੈਂਕਸਗਿਵਿੰਗ ਤੱਕ ਕੀਮਤਾਂ ਵਿਚ ਸਥਿਰਤਾ ਬਾਬਤ ਯੋਜਨਾ ਪੇਸ਼ ਕਰਨ ਲਈ ਆਖਿਆ ਗਿਆ ਸੀ। ਸ਼ੈਂਪੇਨ ਨੇ ਕਿਹਾ ਕਿ ਗ੍ਰੋਸਰੀ ਚੇਨਜ਼ ਨੇ ਵਧੇਰੇ ਡਿਸਕਾਊਂਟ ਦੇਣ, ਕੀਮਤ ਵਾਧਿਆਂ ’ਤੇ ਰੋਕ ਲਾਉਣ ਅਤੇ ਹੋਰ ਸਸਤੇ ਸਟੋਰਾਂ ਨਾਲ ਕੀਮਤਾਂ-ਮੈਚ ਕਰਨ ਦੀ ਮੁਹਿੰਮ ਚਲਾਉਣ ਦਾ ਵਾਅਦਾ ਕੀਤਾ ਹੈ।
ਅਗਸਤ ਦੌਰਾਨ ਸਟੋਰਾਂ ਤੋਂ ਖ਼ਰੀਦੇ ਗਏ ਫ਼ੂਡ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 6.9% ਵਧੇਰੇ ਦਰਜ ਹੋਈ ਸੀ। ਹਾਲਾਂਕਿ ਇਹ ਹਾਲ ਹੀ ਦੇ 11% ਵਾਧੇ ਤੋਂ ਘਟ ਗਈ ਹੈ ਪਰ ਇਹ ਅਜੇ ਵੀ 4% ਦੀ ਸਮੁੱਚੀ ਮਹਿੰਗਾਈ ਦਰ ਨਾਲੋਂ ਕਿਤੇ ਵੱਧ ਹੈ। ਕੰਪਟੀਸ਼ਨ ਬਿਊਰੋ ਨੇ ਜੂਨ ਵਿੱਚ ਪਾਇਆ ਸੀ ਕਿ ਕੈਨੇਡਾ ਦੇ ਗ੍ਰੋਸਰੀ ਦੇ ਕਾਰੋਬਾਰ ਵਿੱਚ ਬਹੁਤੀ ਮੁਕਾਬਲੇਬਾਜ਼ੀ ਨਹੀਂ ਹੈ ਅਤੇ ਤਿੰਨ ਘਰੇਲੂ ਕੰਪਨੀਆਂ ਲੌਬਲੌਜ਼, ਮੈਟਰੋ ਅਤੇ ਸੋਬੀਜ਼ ਦਾ ਹੀ ਦਬਦਬਾ ਹੈ। ਬਿਊਰੋ ਨੇ ਕੀਮਤਾਂ ਘਟਾਉਣ ਲਈ ਸਰਕਾਰ ਨੂੰ ਇਸ ਖੇਤਰ ਵਿਚ ਨਵੇਂ ਪ੍ਰਵੇਸ਼ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਆਖਿਆ ਸੀ।
ਜਦੋਂ ਸਰਕਾਰ ਨੇ ਸ਼ੁਰੂ ਵਿੱਚ ਭੋਜਨ ਦੀਆਂ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਕਰਨ ਲਈ ਗ੍ਰੋਸਰੀ ਚੇਨਜ਼ ਦੇ ਮੁਖੀਆਂ ਨੂੰ ਸੱਦਿਆ ਸੀ, ਤਾਂ ਇਸ ਨੇ ਕਿਹਾ ਸੀ ਕਿ ਜੇ ਕੰਪਨੀਆਂ ਸਹਿਯੋਗ ਨਹੀਂ ਕਰਦੀਆਂ ਹਨ ਤਾਂ ਉਹ ਟੈਕਸ ਉਪਾਵਾਂ ਸਮੇਤ ਕਾਰਵਾਈ ਕਰਨ ਬਾਰੇ ਵਿਚਾਰ ਕਰੇਗੀ।