ਕੈਨੇਡਾ ਵਿਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਭਾਰਤ ਸਰਕਾਰ ਦੀ ਭੂਮਿਕਾ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਦੇ ਮਾਮਲੇ ’ਤੇ ਹੁਣ ਆਸਟਰੇਲੀਆ ਦੇ ਘਰੇਲੂ ਖੁਫੀਆ ਏਜੰਸੀ ਮਾਈਕ ਬਰਗੈਸ ਨੇ ਕਿਹਾ ਹੈ ਕਿ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ਨਾ ਮੰਨਣ ਦਾ ਕੋਈ ਕਾਰਨ ਨਹੀਂ ਹੈ। ABC ਦੀ ਰਿਪੋਰਟ ਮੁਤਾਬਕ ਮਾਈਕ ਬਰਗੈਸ ਨੇ ਕਿਹਾ ਹੈ ਕਿ ਇਕ ਮੁਲਕ ਵੱਲੋਂ ਦੂਜੇ ਮੁਲਕ ਵਿਚ ਉਥੇ ਦੇ ਨਾਗਰਿਕ ਦਾ ਕਤਲ ਕਰਵਾਉਣਾ ਬਹੁਤ ਗੰਭੀਰ ਮਾਮਲਾ ਹੈ।
ਬਰਗੈਸ ਨੇ ਕਿਹਾ ਕਿ ਜੇਕਰ ਕੋਈ ਸਾਡੇ ਦੇਸ਼ ਵਿਚ ਆ ਕੇ ਸਾਡੇ ਨਾਗਰਿਕ ਨੂੰ ਮਾਰਦਾ ਹੈ ਜਾਂ ਮਾਰਨ ਦੀ ਯੋਜਨਾ ਬਣਾਉਂਦਾ ਹੈ ਤਾਂ ਅਸੀਂ ਉਸ ਨਾਲ ਆਪਣੇ ਤਰੀਕੇ ਨਾਲ ਨਜਿੱਠਾਂਗੇ। ਬਰਗੈਸ ਕੈਲੀਫੋਨੀਆਂ ਵਿਚ ਫਾਈਵ ਆਈਜ਼ ਖੁਫੀਆ ਸਮੂਹ ਦੀ ਮੀਟਿੰਗ ਮਗਰੋਂ ਗੱਲਬਾਤ ਕਰ ਰਹੇ ਸਨ। ਇਸ ਸਮੂਹ ਵਿਚ ਕੈਨੇਡਾ ਤੇ ਆਸਟਰੇਲੀਆ ਦੋਵੇਂ ਮੈਂਬਰ ਹਨ।
ਆਸਟਰੇਲੀਆ ਖੁਫੀਆ ਮੁਖੀ ਨੇ ਸਿੱਧੇ ਤੌਰ ’ਤੇ ਕੈਨੇਡਾ ਦੇ ਹੱਕ ਵਿਚ ਸਟੈਂਡ ਲਿਆ ਤੇ ਆਖਿਆ ਕਿ ਕੈਨੇਡਾ ਜੋ ਆਖ ਰਿਹਾ ਹੈ, ਉਸ ’ਤੇ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਹਨਾਂ ਇਜ਼ਰਾਈਲ ਤੇ ਗਾਜ਼ਾ ਦਰਮਿਆਨ ਚਲ ਰਹੀ ਜੰਗ ਦੇ ਖਿਲਾਫ ਹੋ ਰਹੇ ਰੋਸ ਵਿਖਾਵਿਆਂ ਵਿਚ ਹਿੰਸਾ ਦੇ ਖ਼ਦਸ਼ੇ ਨੂੰ ਮੁੜ ਦੁਹਰਾਇਆ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਰੋਸ ਪ੍ਰਦਰਸ਼ਨ ਹੋ ਰਹੇ ਹਨ ਜਾਂ ਜਵਾਬੀ ਰੋਸ ਪ੍ਰਦਰਸ਼ਨ ਹੋ ਰਹੇ ਹਨ ਪਰ ਚਿੰਤਾ ਇਹ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਹਿੰਸਾ ਹੀ ਮਸਲੇ ਦਾ ਹੱਲ ਹੈ।