ਭਾਰਤ ਅਤੇ ਕੈਨੇਡਾ ਦਰਮਿਆਨ ਚਲ ਰਹੇ ਕੂਟਨੀਤਕ ਤਣਾਅ ਦੌਰਾਨ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪਰ ਇਸ ਮੁਅੱਤਲੀ ਦੌਰਾਨ OCI ਕਾਰਡ ਬਣਵਾਉਣ ਦੀ ਸੇਵਾ ਮੁਅੱਤਲ ਨਹੀਂ ਹੋਈ ਹੈ ਅਤੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਕੋਲ ਭਾਰਤ ਯਾਤਰਾ ਲਈ ਇਹੋ ਰਾਹ ਉਪਲਬਧ ਹੈ।
ਬਰੈਂਪਟਨ ਦੇ ਬੀਐਲਐਸ ਦਫ਼ਤਰ ਦੇ ਬਾਹਰ ਅੱਜ-ਕੱਲ੍ਹ ਲੰਬੀਆਂ ਲਾਈਨਾਂ ਨਜ਼ਰੀਂ ਪੈ ਰਹੀਆਂ ਹਨ। ਭਾਰਤ ਵਿਚ ਜਨਮੇ ਕੈਨੇਡੀਅਨਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, OCI (Overseas Citizenship of India) ਕਾਰਡ ਬਣਵਾਉਣ ਲਈ ਕਤਾਰਾਂ ਵਿਚ ਲੱਗੇ ਹੋਏ ਹਨ। ਇਹ ਲਾਈਨਾਂ ਨਾ ਸਿਰਫ਼ ਦਿਨ ਵੇਲੇ ਹਨ, ਸਗੋਂ ਰਾਤਾਂ ਨੂੰ ਵੀ ਨਜ਼ਰ ਆ ਰਹੀਆਂ ਹਨ। ਸਵੇਰ ਨੂੰ ਸਮੇਂ ਸਿਰ ਆਪਣੀ ਵਾਰੀ ਆਉਣ ਦੇ ਚੱਕਰ ਵਿਚ ਲੋਕ ਦਫ਼ਤਰ ਦੇ ਬਾਹਰ ਕਈ ਕਈ ਘੰਟੇ ਕਤਾਰਾਂ ਵਿਚ ਖੜਕੇ, ਕੁਰਸੀਆਂ ‘ਤੇ ਬੈਠ ਕੇ ਜਾਂ ਆਪਣੀਆਂ ਕਾਰਾਂ ਵਿਚ ਸੌਂ ਕੇ ਰਾਤਾਂ ਗੁਜ਼ਾਰ ਰਹੇ ਹਨ।
OCI ਕਾਰਡ, ਧਾਰਕ ਨੂੰ ਭਾਰਤ ਯਾਤਰਾ ਦਾ ਅਧਿਕਾਰ ਦਿੰਦਾ ਹੈ ਅਤੇ ਧਾਰਕ ਆਪਣੇ ਜੀਵਨ ਕਾਲ ਵਿਚ ਜਿੰਨੀ ਮਰਜ਼ੀ ਵਾਰੀ ਅਤੇ ਜਦੋਂ ਤੱਕ ਮਰਜ਼ੀ ਭਾਰਤ ਵਿਚ ਰਹਿ ਸਕਦਾ ਹੈ। ਬੀਐਲਐਸ ਦਾ ਦਫ਼ਤਰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਖੁੱਲ੍ਹਦਾ ਹੈ। OCI ਅਰਜ਼ੀ ਦਾ ਪ੍ਰੋਸੈਸਿੰਗ ਸਮਾਂ 6 ਤੋਂ 8 ਹਫ਼ਤੇ ਹੈ।
ਇੱਕ ਬਿਆਨ ਵਿਚ ਭਾਰਤੀ ਕਾਂਸੁਲੇਟ ਨੇ ਪੁਸ਼ਟੀ ਕੀਤੀ ਹੈ ਕਿ OCI ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਅਤੇ ਆਮ ਗਤੀ ‘ਤੇ ਪ੍ਰੋਸੈਸ ਹੋ ਰਹੀਆਂ ਹਨ। ਪਰ ਭੀੜ ਕਾਰਨ ਲੋਕ ਰਾਤ-ਰਾਤ ਭਰ ਦਫ਼ਤਰ ਦੇ ਬਾਹਰ ਉਡੀਕ ਕਰ ਰਹੇ ਹਨ। ਬੀਐਲਐਸ ਦੇ ਓਨਟੇਰਿਓ ਵਿਚ ਦੋ ਦਫ਼ਤਰ ਹਨ: ਟੋਰੌਂਟੋ ਅਤੇ ਬਰੈਂਪਟਨ, ਜਿਹੜੇ ਲੋਕ ਬਰੈਂਪਟਨ ਤੋਂ ਦੂਰੋਂ ਆਉਂਦੇ ਹਨ, ਉਹਨਾਂ ਨੂੰ ਭੀੜ ਕਰਕੇ ਵਧੇਰੇ ਦਿੱਕਤ ਹੁੰਦੀ ਹੈ। ਬੀਐਲਐਸ ਦੇ ਇੱਕ ਐਗਜ਼ੈਕਟਿਵ ਏਜੰਟ ਨੇ ਦੱਸਿਆ ਕਿ ਇਸ ਵੇਲੇ ਬਰੈਂਪਟਨ ਦਫ਼ਤਰ ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਅਪੁਆਇੰਟਮੈਂਟਸ ਦੀ ਬੁਕਿੰਗ ਕਰ ਰਿਹਾ ਹੈ। ਲੋਕਾਂ ਨੂੰ ਉਦੋਂ ਤੱਕ ਜਹਾਜ਼ ਦੀਆਂ ਟਿਕਟਾਂ ਬੁੱਕ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਤੱਕ ਉਨ੍ਹਾਂ ਨੂੰ ਉਚਿਤ ਯਾਤਰਾ ਦਸਤਾਵੇਜ਼ ਨਹੀਂ ਮਿਲ ਜਾਂਦੇ।
(ਸੀਬੀਸੀ ਨਿਊਜ਼ ਚੋਂ)