ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ ਅਮਰੀਕਾ ਨੇ ਇਜ਼ਰਾਈਲੀ ਨਾਗਰਿਕਾਂ ਲਈ ‘ਵੀਜ਼ਾ ਛੋਟ’ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਤਹਿਤ 90 ਦਿਨਾਂ ਜਾਂ ਇਸ ਤੋਂ ਘੱਟ ਸਮੇਂ ਲਈ ਅਮਰੀਕਾ ਜਾਣ ਦੇ ਚਾਹਵਾਨ ਇਜ਼ਰਾਈਲੀ ਨਾਗਰਿਕ ਵੀਜ਼ਾ ਅਰਜ਼ੀ ਦਿੱਤੇ ਬਿਨਾਂ ਅਮਰੀਕਾ ਦੀ ਯਾਤਰਾ ਕਰ ਸਕਣਗੇ। ਅਮਰੀਕਾ ਨੇ 27 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਉਹ ‘ਵੀਜ਼ਾ ਛੋਟ’ ਪ੍ਰੋਗਰਾਮ ਵਿੱਚ ਇਜ਼ਰਾਈਲ ਨੂੰ ਸ਼ਾਮਲ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 40 ਤੋਂ ਵੱਧ ਯੂਰਪੀ ਅਤੇ ਏਸ਼ੀਆਈ ਦੇਸ਼ ਸ਼ਾਮਲ ਹਨ, ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ੇ ਦੇ ਤਿੰਨ ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰ ਸਕਦੇ ਹਨ। ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ ਇਜ਼ਰਾਈਲੀ ਨਾਗਰਿਕ 30 ਨਵੰਬਰ ਤੋਂ ਬਿਨਾਂ ਵੀਜ਼ਾ ਅਮਰੀਕਾ ਦੀ ਯਾਤਰਾ ਸ਼ੁਰੂ ਕਰ ਸਕਦੇ ਹਨ। ਪਰ ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇਹ ਪ੍ਰੋਗਰਾਮ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਪ੍ਰੈਸ ਬਿਆਨ ਵਿੱਚ ਸਮਾਂ ਸੀਮਾ ਵਿੱਚ ਤਬਦੀਲੀ ਦਾ ਕੋਈ ਕਾਰਨ ਨਹੀਂ ਦੱਸਿਆ। ਇਸ ਪ੍ਰੋਗਰਾਮ ਦੇ ਤਹਿਤ ਇਜ਼ਰਾਈਲੀ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ “ਇਲੈਕਟ੍ਰਾਨਿਕ ਸਿਸਟਮ ਫਾਰ ਟਰੈਵਲ ਆਥੋਰਾਈਜ਼ੇਸ਼ਨ” ਵਿੱਚ ਰਜਿਸਟਰ ਕਰਨਾ ਹੋਵੇਗਾ। ਹੋਮਲੈਂਡ ਸਿਕਿਓਰਿਟੀ ਮੰਤਰਾਲੇ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਇਹ ਇੱਕ ਸਵੈਚਲਿਤ ਪ੍ਰਣਾਲੀ ਹੈ ਜੋ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਦੀ ਹੈ ਕਿ ਕੋਈ ਵਿਅਕਤੀ ਯਾਤਰਾ ਕਰਨ ਦੇ ਯੋਗ ਹੈ ਜਾਂ ਨਹੀਂ। ਇਸ ਪ੍ਰਕਿਰਿਆ ਵਿੱਚ 72 ਘੰਟੇ ਲੱਗ ਸਕਦੇ ਹਨ। ਫਿਰ ਵਿਅਕਤੀ ਅਮਰੀਕਾ ਦੀ ਯਾਤਰਾ ਕਰ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਯੋਗ ਬਣਨ ਲਈ ਇੱਕ ਇਜ਼ਰਾਈਲੀ ਨਾਗਰਿਕ ਕੋਲ ਬਾਇਓਮੈਟ੍ਰਿਕ ਮਾਪਦੰਡਾਂ ਵਾਲਾ ਪਾਸਪੋਰਟ ਹੋਣਾ ਚਾਹੀਦਾ ਹੈ। ਜਿਨ੍ਹਾਂ ਕੋਲ ਅਜਿਹਾ ਪਾਸਪੋਰਟ ਨਹੀਂ ਹੈ, ਉਨ੍ਹਾਂ ਨੂੰ ਅਮਰੀਕਾ ਦੇ ਵੀਜ਼ੇ ਲਈ ਅਪਲਾਈ ਕਰਨਾ ਪਵੇਗਾ।