ਓਨਟੇਰਿਓ ਦੇ ਇੱਕ ਕਾਲਜ ਵੱਲੋਂ ਆਪਣੇ ਜਨਵਰੀ ਸੈਸ਼ਨ ਲਈ ਦਾਖ਼ਲਾ ਪੱਤਰਾਂ ਨੂੰ ਰੱਦ ਕੀਤੇ ਜਾਣ ਕਰਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੇਸ਼ਾਨ ਹਨ।
ਨੌਰਦਰਨ ਕਾਲਜ, ਜਿਸਨੇ ਜੁਲਾਈ ਦੌਰਾਨ ਕਰੀਬ 500 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕੀਤੇ ਸਨ, ਨੇ ਕਿਹਾ ਕਿ ਉਸ ਵੱਲੋਂ ਕਰੀਬ 200 ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਦਾਖ਼ਲੇ ਰੱਦ ਕੀਤੇ ਗਏ ਹਨ। ਇਹਨਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਭਾਰਤ ਤੋਂ ਹਨ। ਓਨਟੇਰਿਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰਾਲੇ ਨੇ ਦੱਸਿਆ ਕਿ ਉਹ ਦਾਖ਼ਲੇ ਰੱਦ ਕੀਤੇ ਜਾਣ ਤੋਂ ਜਾਣੂ ਹੈ ਅਤੇ ਮੰਤਰਾਲੇ ਨੇ ਕਿਹਾ ਕਿ ਕਾਲਜਾਂ ਕੋਲ ਦਾਖ਼ਲਿਆਂ ਬਾਰੇ ਫੈਸਲੇ ਲੈਣ ਦਾ ਅਧਿਕਾਰ ਹੈ।
ਇੰਟਰਨੈਸ਼ਨਲ ਸਿੱਖ ਸਟੂਡੈਂਟ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ, ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹੀ ਅਧਿਕਾਰ ਸਮੱਸਿਆ ਦਾ ਕਾਰਨ ਹੈ। ਉਹ ਕਹਿੰਦਾ ਹੈ ਕਿ ਕਾਲਜ ਆਪਣੀ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਸੱਦਣ ਦੇ ਯੋਗ ਹੀ ਨਹੀਂ ਹੋਣੇ ਚਾਹੀਦੇ। ਜਸਪ੍ਰੀਤ ਦਾ ਕਹਿਣਾ ਹੈ ਕਿ ਦਾਖ਼ਲੇ ਰੱਦ ਹੋਣ ਜਾਂ ਉਸ ਵਿਚ ਦੇਰੀ ਹੋਣ ਨਾਲ ਵਿਦਿਆਰਥੀ ਵਿਚ-ਵਿਚਾਲੇ ਲਟਕ ਜਾਂਦੇ ਹਨ ਅਤੇ ਇਹ ਰੁਝਾਨ ਪਿਛਲੇ ਕੁਝ ਸਾਲ ਤੋਂ ਕਾਫ਼ੀ ਨਜ਼ਰੀਂ ਪੈ ਰਿਹਾ ਹੈ।