ਸਟੈਟਿਸਟਿਕਸ ਕੈਨੇਡਾ ਦੇ ਮੰਗਲਵਾਰ ਨੂੰ ਜਾਰੀ ਨਵੇਂ ਅੰਕੜਿਆਂ ਅਨੁਸਾਰ, ਅਗਸਤ ਵਿਚ ਕੈਨੇਡਾ ਦਾ ਕੁਲ ਘਰੇਲੂ ਉਤਪਾਦ ਪੱਧਰਾ ਰਿਹਾ। ਸਰਵਿਸ ਸੈਕਟਰ ਵਿਚ ਮਾਮੂਲੀ ਵਾਧਾ ਤਾਂ ਹੋਇਆ ਪਰ ਵਸਤੂ-ਉਤਪਾਦਨ ਉਦਯੋਗ ਸੁੰਘੜਿਆ ਦਰਜ ਕੀਤਾ ਗਿਆ।
ਕੈਨੇਡੀਅਨ ਅਰਥਵਿਵਸਥਾ ਵਿਚ ਧੀਮਾਪਣ ਆਉਣ ਦੇ ਸਪਸ਼ਟ ਸੰਕੇਤ ਮਿਲ ਰਹੇ ਹਨ। ਜੂਨ ਵਿਚ ਜੀਡੀਪੀ ਦੇ ਸੁੰਘੜਨ ਅਤੇ ਜੁਲਾਈ ਵਿਚ ਖੜੋਤ ਦਰਜ ਹੋਣ ਤੋਂ ਬਾਅਦ, ਅਗਸਤ ਦੇ ਅੰਕੜਿਆਂ ਵਿਚ ਵੀ ਖੜੋਤ ਦਰਜ ਕੀਤੀ ਗਈ ਹੈ। ਅਗਸਤ ਵਿਚ ਕੈਨੇਡੀਅਨ ਜੀਡੀਪੀ 2.082 ਟ੍ਰਿਲੀਅਨ ਡਾਲਰ ਦਰਜ ਹੋਈ ਜੋਕਿ ਪਿਛਲੇ ਮਹੀਨੇ ਦਰਜ ਹੋਈ 2.081 ਟ੍ਰਿਲੀਅਨ ਡਾਲਰ ਜੀਡੀਪੀ ਨਾਲੋਂ ਮਾਮੂਲੀ ਜਿਹਾ ਉੱਪਰ ਹੈ।
ਸਤੰਬਰ ਵਿਚ ਵੀ ਖੜੋਤ ਦਾ ਰੁਝਾਨ ਬਰਕਰਾਰ ਰਿਹਾ ਹੈ। ਇਸ ਦਾ ਅਰਥ ਹੈ ਕਿ ਮਈ ਮਹੀਨੇ ਤੋਂ ਬਾਅਦ ਕੈਨੇਡੀਅਨ ਅਰਥਵਿਵਸਥਾ ਵਿਚ ਕੋਈ ਅਰਥਪੂਰਨ ਵਾਧਾ ਨਹੀਂ ਹੋਇਆ। ਅਗਸਤ ਦੇ ਅੰਕੜੇ ਅਰਥਸ਼ਾਸਤਰੀਆਂ ਵੱਲੋਂ 0.1% ਦੇ ਮਾਮੂਲੀ ਵਾਧੇ ਦੇ ਅਨੁਮਾਨ ਨਾਲੋਂ ਵੀ ਮਾੜੇ ਰਹੇ। ਨਵੇਂ ਅੰਕੜਿਆਂ ਦਾ ਅਰਥ ਹੈ ਕਿ ਤੀਸਰੀ ਤਿਮਾਹੀ ਵਿਚ ਕੋਈ ਵਿਕਾਸ ਨਹੀਂ ਹੋਇਆ ਬਲਕਿ ਆਰਥਿਕਤਾ ਸੁੰਘੜੀ ਹੈ।