ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਜਨਤਕ ਜਾਂਚ ਕਮੀਸ਼ਨ ਨਵੇਂ ਸਾਲ ਦੇ ਸ਼ੁਰੂ ਵਿੱਚ ਸੁਣਵਾਈਆਂ ਸ਼ੁਰੂ ਕਰੇਗਾ। ਪਹਿਲਾਂ ਇਸ ਗੱਲ ‘ਤੇ ਫ਼ੋਕਸ ਹੋਵੇਗਾ ਕਿ ਕੀ ਚੀਨ, ਰੂਸ ਜਾਂ ਹੋਰ ਕਿਸੇ ਮੁਲਕ ਨੇ 2019 ਅਤੇ 2021 ਦੀਆਂ ਫ਼ੈਡਰਲ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਵਿਚ ਫਿਰ ਇਸ ਸਵਾਲ ‘ਤੇ ਫ਼ੋਕਸ ਹੋਵੇਗਾ ਕਿ ਕੀ ਫ਼ੈਡਰਲ ਸਰਕਾਰ ਕੋਲ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਪਤਾ ਲਗਾਉਣ ਅਤੇ ਉਸ ਨਾਲ ਨਜਿੱਠਣ ਦੀ ਸਮਰੱਥਾ ਹੈ।
ਜਾਂਚ ਦੀ ਪਹਿਲੀ ਰਿਪੋਰਟ ਫ਼ਰਵਰੀ ਦੇ ਅੰਤ ਤੱਕ ਅਤੇ ਅੰਤਿਮ ਰਿਪੋਰਟ ਸਾਲ 2024 ਤੱਕ ਪੇਸ਼ ਹੋਵੇਗੀ। ਜਾਂਚ ਕਮਿਸ਼ਨਰ, ਮੈਰੀ-ਯੋਜ਼ੀ ਹੌਗ ਨੇ ਇੱਕ ਬਿਆਨ ਵਿਚ ਕਿਹਾ, “ਸਾਡੀ ਸਮਾਂ-ਰੇਖਾ ਅਭਿਲਾਸ਼ੀ ਹੈ ਅਤੇ ਜਾਂਚ ਦੌਰਾਨ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਨਾਲ ਤੇਜ਼ੀ ਨਾਲ ਅਤੇ ਸਹਿਯੋਗ ਨਾਲ ਕੰਮ ਕਰਨ ਦੀ ਲੋੜ ਹੋਵੇਗੀ।”
ਹੌਗ ਨੇ ਕਾਨੂੰਨ ਦੀਆਂ ਸੀਮਾਵਾਂ ਦੇ ਅੰਦਰ ਅਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਏ ਬਿਨਾਂ ਵੱਧ ਤੋਂ ਵੱਧ ਜਾਣਕਾਰੀ ਜਨਤਕ ਕਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ ਇਹ ਇੱਕ ਮੁਸ਼ਕਲ ਸੰਤੁਲਨ ਹੋਵੇਗਾ, ਪਰ ਮੈਂ ਇਸਨੂੰ ਪ੍ਰਾਪਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੀ, ਕਿਉਂਕਿ ਇਹ ਦੋਵੇਂ ਉਦੇਸ਼ ਬਹੁਤ ਅਹਿਮ ਹਨ।