ਅਮਰੀਕਾ ‘ਚ ਨਫ਼ਰਤੀ ਹਮਲਿਆਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ। ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ‘ਚ ਵਸਦੇ ਹਰ ਵਿਅਕਤੀ ਨੂੰ ਪੂਰੀ ਧਾਰਮਿਕ ਆਜ਼ਾਦੀ ਹੈ ਅਤੇ ਕਿਸੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਰੀਨ ਜੌਨ ਪਿਅਰੇ ਨੇ ਕਿਹਾ ਕਿ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਮੁਸਲਮਾਨਾਂ ਅਤੇ ਸਿੱਖਾਂ ਨੂੰ ਨਫਰਤੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸਮੁੱਚੀ ਸਰਕਾਰ ਨੇ ਅੱਗੇ ਵਧਦਿਆਂ ਅਮਰੀਕਾ ਦੇ ਹਰ ਵਸਨੀਕ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਟੀਚਾ ਮਿੱਥਿਆ ਹੈ ਤਾਂਕਿ ਉਹ ਬਗੈਰ ਕਿਸੇ ਡਰ ਤੋਂ ਆਪਣੀ ਜ਼ਿੰਦਗੀ ਬਿਤਾ ਸਕਣ ਅਤੇ ਆਪਣੇ ਧਰਮ ਮੁਤਾਬਕ ਇਬਾਦਤ ਕਰ ਸਕਣ। ਅਮਰੀਕੀ ਸਿੱਖਾਂ ਵੱਲੋਂ ਕੌਮੀ ਰਣਨੀਤੀ ਦੇ ਐਲਾਨ ਦਾ ਸਵਾਗਤ ਕੀਤਾ ਗਿਆ ਹੈ।
ਚੁਣੌਤੀਆਂ ਭਰੇ ਸਮੇਂ ਦੌਰਾਨ ਸਾਰੇ ਭਾਈਚਾਰਿਆਂ ‘ਚ ਏਕਾ ਆਪਸੀ ਸਮਝ ਬੇਹੱਦ ਲਾਜ਼ਮੀ ਹੈ। ਅਮਰੀਕਾ ਵਿਚ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਨਿਊ ਯਾਰਕ ਵਿਚ ਜਸਮੇਰ ਸਿੰਘ ਦੇ ਕਤਲ ਨੇ ਭਾਈਚਾਰੇ ਨੂੰ ਹਲੂਣ ਕੇ ਰੱਖ ਦਿਤਾ। ਸਿਰਫ ਐਨਾ ਹੀ ਨਹੀਂ 19 ਸਾਲ ਦੇ ਨੌਜਵਾਨ ‘ਤੇ ਵੀ ਬੱਸ ਵਿਚ ਹਮਲਾ ਹੋਇਆ। ਹਾਲਾਤ ਦੀ ਨਜਾਕਤ ਨੂੰ ਸਮਝਦਿਆਂ ਨਿਊ ਯਾਰਕ ਦੇ ਮੇਅਰ ਐਰਿਕ ਐਡਮਜ਼ ਕੁਈਨਜ਼ ਦੇ ਗੁਰਦਵਾਰਾ ਸਾਹਿਬ ਵਿਚ ਪੁੱਜੇ ਅਤੇ ਧਾਰਮਿਕ ਨਫ਼ਰਤ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਸੱਦਾ ਦਿਤਾ।