ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੈਨੇਡਾ ‘ਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਤੰਬਰ ਮਹੀਨੇ ਦੌਰਾਨ ਪਨਾਹ ਦੇ 7,280 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਹ ਅੰਕੜਾ ਪਿਛਲੇ ਪੰਜ ਮਹੀਨੇ ਦੀ ਔਸਤ ਤੋਂ ਕਿਤੇ ਵੱਧ ਬਣਦਾ ਹੈ। 2021 ‘ਚ ਹਰ ਮਹੀਨੇ ਔਸਤਨ 1100 ਰਫਿਊਜੀਆਂ ਦੀਆਂ ਫਾਈਲਾਂ ਨਿਪਟਾਈਆਂ ਗਈ ਅਤੇ 2022 ਦੌਰਾਨ ਇਹ ਅੰਕੜਾ ਵਧ ਕੇ 3,600 ਹੋ ਗਿਆ।
ਇਸ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੰਗ, ਸਿਆਸੀ ਅਸਥਿਰਤਾ, ਆਜ਼ਾਦੀ ‘ਤੇ ਡਾਕਾ, ਜਾਨ ਦਾ ਡਰ ਅਤੇ ਘਰੇਲੂ ਹਿੰਸਾ ਵਰਗੇ ਕਈ ਕਾਰਨ ਲੋਕਾਂ ਨੂੰ ਆਪਣਾ ਜੱਦੀ ਇਲਾਕਾ ਛੱਡਣ ਲਈ ਮਜਬੂਰ ਕਰ ਰਹੇ ਹਨ। ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆਉਣ ਵਾਲੇ ਲੋਕ ਵੀ ਪਨਾਹ ਦਾ ਦਾਅਵਾ ਕਰ ਦਿੰਦੇ ਹਨ। ਭਾਵੇਂ ਰੋਕਸਮ ਰੋਡ ਤੋਂ ਆਉਣ ਵਾਲਿਆਂ ਦੀ ਗਿਣਤੀ ਤਕਰੀਬਨ ਸਿਫਰ ਹੋ ਚੁੱਕੀ ਹੈ ਪਰ ਹੁਣ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਨਾਰਥੀ ਪੁੱਜ ਰਹੇ ਹਨ।
ਇਸੇ ਦੌਰਾਨ ਕਿਊਬੈਕ ਦੀ ਇੰਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੌਕਸਮ ਰੋਡ ਬੰਦ ਹੋਣ ਦੇ ਬਾਵਜੂਦ ਸੂਬੇ ਨੂੰ ਰਾਹਤ ਨਹੀਂ ਮਿਲੀ। ਹੁਣ ਨਿਊ ਯਾਰਕ ਤੋਂ ਹਵਾਈ ਜਹਾਜ਼ ਚੜ ਕੇ ਵੱਡੀ ਗਿਣਤੀ ਵਿਚ ਸ਼ਰਨਾਰਥੀ ਕਿਊਬੈਕ ਪੁੱਜ ਰਹੇ ਹਨ। ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਸਿਰਫ ਕਿਊਬੈਕ ਦੇ ਹਵਾਈ ਅੱਡਿਆਂ ਰਾਹੀ ਪਨਾਹ ਮੰਗਣ ਵਾਲਿਆਂ ਦੀ ਗਿਣਤੀ 17 ਹਜ਼ਾਰ ਤੋਂ ਵੱਧ ਦਰਜ ਕੀਤੀ ਗਈ।