ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨ ਹਮਾਸ ਦਾ ਸਮਰਥਨ ਕਰਦਾ ਆ ਰਿਹਾ ਹੈ। ਹੁਣ ਪਾਕਿਸਤਾਨ ਦੀ JUI-F ਪਾਰਟੀ ਦੇ ਮੁਖੀ ਨੇ ਕਤਰ ‘ਚ ਹਮਾਸ ਦੇ ਅੱਤਵਾਦੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਨਾਲ ਹੀ ਮੁਸਲਿਮ ਜਗਤ ਨੂੰ ਇਜ਼ਰਾਈਲ ਦੀ ਕਥਿਤ ਬੇਇਨਸਾਫ਼ੀ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। JUI-F ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਐਤਵਾਰ ਨੂੰ ਕਤਰ ‘ਚ ਹਮਾਸ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਇਸ ਬੈਠਕ ‘ਚ ਮੌਲਾਨਾ ਨੇ ਕਿਹਾ ਕਿ ਮੁਸਲਿਮ ਜਗਤ ਦਾ ਫਰਜ਼ ਬਣਦਾ ਹੈ ਕਿ ਉਹ ਇਜ਼ਰਾਈਲ ਦੀ ਬੇਇਨਸਾਫੀ ਖਿਲਾਫ ਇਕਜੁੱਟ ਹੋਣ। ਦੱਸ ਦੇਈਏ ਕਿ ਜਦੋਂ ਤੋਂ ਇਜ਼ਰਾਇਲ ਨੇ ਫਲਸਤੀਨੀ ਖੇਤਰ ‘ਤੇ ਹਮਲਾ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਪਾਕਿਸਤਾਨ ਅਤੇ ਦੁਨੀਆ ਭਰ ਦੇ ਸਾਰੇ ਮੁਸਲਿਮ ਦੇਸ਼ ਇਜ਼ਰਾਈਲ ਦੇ ਖਿਲਾਫ ਖੜ੍ਹੇ ਹੋ ਗਏ ਹਨ। ਜੇਯੂਆਈ-ਐੱਫ ਦੇ ਬੁਲਾਰੇ ਅਸਲਮ ਗੌਰੀ ਨੇ ਕਿਹਾ ਕਿ ਰਹਿਮਾਨ ਸ਼ਨੀਵਾਰ ਨੂੰ ਇਕ ਵਫਦ ਨਾਲ ਕਤਰ ਪਹੁੰਚੇ ਸਨ।
ਮੌਲਾਨਾ ਨੇ ਕਿਹਾ ਕਿ ਇਜ਼ਰਾਈਲ ਜ਼ੁਲਮ ਅਤੇ ਬੇਇਨਸਾਫੀ ਰਾਹੀਂ ਫਲਸਤੀਨ ਵਿੱਚ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੌਲਾਨਾ ਨੇ ਕਿਹਾ ਕਿ ਵਿਕਸਤ ਦੇਸ਼ਾਂ ਦੇ ਵਕੀਲਾਂ ਦੇ ਹੱਥ ਬੇਕਸੂਰ ਔਰਤਾਂ ਅਤੇ ਬੱਚਿਆਂ ਦੇ ਖੂਨ ਨਾਲ ਰੰਗੇ ਹੋਏ ਹਨ। ਮੌਲਾਨਾ ਨੇ ਕਿਹਾ ਕਿ ਫਲਸਤੀਨੀ ਨਾ ਸਿਰਫ ਆਪਣੀ ਜ਼ਮੀਨ ਲਈ ਲੜ ਰਹੇ ਹਨ, ਸਗੋਂ ਮੁਸਲਿਮ ਉਮਾਹ ਦਾ ਫਰਜ਼ ਨਿਭਾਉਂਦੇ ਹੋਏ ਅਲ-ਅਕਸਾ ਦੀ ਆਜ਼ਾਦੀ ਲਈ ਵੀ ਲੜ ਰਹੇ ਹਨ।ਹੁਣ ਸਮਾਂ ਆ ਗਿਆ ਹੈ ਕਿ ਮੁਸਲਿਮ ਉਮਾਹ ਫਲਸਤੀਨੀ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਵੇ।