ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 96,917 ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੁੰਦੇ ਹੋਏ ਫੜੇ ਗਏ ਹਨ। ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ ਅਮਰੀਕਾ ਦੀਆਂ ਦਖਣੀ ਸਰਹੱਦਾਂ ਦੇ ਨਾਲ-ਨਾਲ ਉਤਰੀ ਸਰਹੱਦਾਂ ’ਤੇ ਜਾਨ-ਮਾਲ ਦੇ ਦੁਖਦਾਈ ਨੁਕਸਾਨ ਦੇ ਬਾਵਜੂਦ ਲਗਭਗ 97,000 ਭਾਰਤੀਆਂ ਨੇ ਅਮਰੀਕਾ ‘ਚ ਦਾਖ਼ਲ ਹੋਣ ਲਈ ਇਹ ਖ਼ਤਰਨਾਕ ਰਸਤੇ ਅਪਣਾਏ ਸਨ।
ਜਾਣਕਾਰੀ ਅਨੁਸਾਰ 96,917 ਭਾਰਤੀਆਂ ਵਿਚੋਂ 30,010 ਕੈਨੇਡਾ ਦੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਅਤੇ 41,770 ਮੈਕਸੀਕਨ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ। ਇੰਨ੍ਹਾਂ ਚੋਂ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਤੋਂ ਸਨ। ਇਨ੍ਹਾਂ ਵਿਚੋਂ ਬਾਕੀਆਂ ਨੂੰ ਅਮਰੀਕਾ ਦੀ ਮੁੱਖ ਭੂਮੀ ਪਾਰ ਕਰਨ ਤੋਂ ਬਾਅਦ ਫੜਿਆ ਗਿਆ।
2019-2020 ਤੋਂ ਬਾਅਦ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਭਾਰਤੀਆਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ, ਜਦੋਂ 19,883 ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜਿਆ ਗਿਆ ਸੀ।ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੱਸਦੀਆਂ ਹਨ ਕਿ ਇਹ ਅੰਕੜੇ ਸਿਰਫ ਦਰਜ ਕੀਤੇ ਕੇਸਾਂ ਨੂੰ ਦਰਸਾਉਂਦੇ ਹਨ ਅਤੇ ਅਸਲ ਸੰਖਿਆ ਕਾਫ਼ੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ।