ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਅਗਲੇ ਹਫ਼ਤੇ ਤੋਂ ਵਾਹਨਾਂ ਦੀ ਵਰਤੋਂ ‘ਤੇ ਪਾਬੰਦੀ ਲਗਾਵੇਗੀ। ਹਵਾ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਵਿੱਚ ਰੋਸ ਵਧਿਆ ਹੈ ਅਤੇ ਸ਼ਹਿਰ ਵਿੱਚ ਪ੍ਰਾਇਮਰੀ ਸਕੂਲਾਂ ਨੂੰ 10 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦੁਨੀਆ ਦੇ ਚੋਟੀ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੁੰਦਾ ਹੈ। ਇੱਕ ਸੰਘਣੀ ਧੁੰਦ ਨੇ ਤੜਕੇ ਸ਼ਹਿਰ ਦੇ ਮੱਧ ਵਿੱਚ ਸਕੱਤਰੇਤ ਅਤੇ ਰਾਸ਼ਟਰਪਤੀ ਭਵਨ ਨੂੰ ਢੱਕ ਦਿੱਤਾ ਅਤੇ ਹੋਰ ਹਿੱਸਿਆਂ ਵਿੱਚ ਦਿਖਣ ਸਮਰੱਥਾ ਨੂੰ ਘਟਾ ਦਿੱਤਾ ਹੈ।
ਸਥਾਨਕ ਸਰਕਾਰ ਨੇ ਕਿਹਾ ਕਿ ਉਹ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ 13-20 ਨਵੰਬਰ ਤੱਕ ਔਡ-ਈਵਨ ਵਾਹਨ ਨਿਯਮ ਲਾਗੂ ਕਰੇਗੀ। ਈਵਨ ਨੰਬਰ ਵਾਲੀਆਂ ਗੱਡੀਆਂ ਈਵਨ ਤਰੀਕ ਨੂੰ ਚੱਲਦੀਆਂ ਹਨ ਅਤੇ ਔਡ ਨੰਬਰ ਵਾਲੀਆਂ ਗੱਡੀਆਂ ਔਡ ਤਰੀਕ ਨੂੰ ਚਲਾਉਣ ਦੀ ਇਜਾਜ਼ਤ ਹੁੰਦੀ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪਹਿਲਾਂ ਵੀ ਔਡ-ਈਵਨ ਸਕੀਮ ਲਾਗੂ ਕਰਦੀ ਰਹੀ ਹੈ। 12 ਨਵੰਬਰ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਤੋਂ ਬਾਅਦ ਪ੍ਰਦੂਸ਼ਣ ਹੋਰ ਵਧਣ ਦੀ ਸੰਭਾਵਨਾ।
ਵਾਤਾਵਰਣ ਮਾਹਿਰਾਂ ਨੇ ਪਹਿਲਾਂ ਕਿਹਾ ਹੈ ਕਿ ਇਹ ਨਿਯਮ, ਜੋ ਕਿ 2016 ਤੋਂ ਕੁਝ ਭਿੰਨਤਾਵਾਂ ਦੇ ਨਾਲ ਕਈ ਵਾਰ ਲਾਗੂ ਕੀਤਾ ਗਿਆ ਹੈ, ਸੜਕਾਂ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਵਿੱਚ ਵਧੇਰੇ ਪ੍ਰਭਾਵਸ਼ਾਲੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਘੱਟ ਪ੍ਰਭਾਵਸ਼ਾਲੀ ਰਿਹਾ ਹੈ। ਸਥਾਨਕ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ , ”ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ‘ਚ ਔਡ-ਈਵਨ ਲਾਗੂ ਕੀਤਾ ਜਾਵੇਗਾ।”
ਸੋਮਵਾਰ ਨੂੰ ਸ਼ਹਿਰ ਵਿੱਚ ਲਗਾਤਾਰ ਤੀਜੇ ਦਿਨ ਹਵਾ ਦੀ ਗੁਣਵੱਤਾ ਗੰਭੀਰ ਸੀ, ਜਿਸ ਨਾਲ ਦਿੱਲੀ, ਲਾਹੌਰ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਦਿੱਲੀ ਵਿੱਚ ਟਰੱਕਾਂ ਅਤੇ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ।