ਏਅਰ ਕੈਨੇਡਾ ‘ਤੇ ਭਾਰਤੀ ਮੂਲ ਦੀ ਕੈਨੇਡੀਅਨ ਔਰਤ ਨੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਜਿਸ ਦੇ ਨਤੀਜੇ ਵਜੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਜਿੰਨ੍ਹਾਂ ਦੀ ਉਮਰ 83 ਸਾਲ ਦੀ ਸੀ। ਭਾਰਤੀ ਮੂਲ ਦੀ ਸ਼ਾਨੂੰ ਪਾਂਡੇ ਆਪਣੇ ਪਿਤਾ ਦੀ ਪਰਮਾਨੈਂਟ ਰੈਜ਼ੀਡੈਂਸੀ ਹੋਣ ‘ਤੇ ਉਹਨਾਂ ਦੇ ਕੈਨੇਡਾ ਪਹੁੰਚਣ ਦੀ ਉਮੀਦ ਵਿੱਚ ਸੀ ਪਰ ਪਿਤਾ ਹਰੀਸ਼ ਪੰਤ ਦੀ ਜ਼ਿੰਦਗੀ ਦੀ ਇਹ ਆਖਰੀ ਉਡਾਣ ਸਾਬਿਤ ਹੋਈ । ਹਰੀਸ਼ ਪੰਤ ਨੇ ਏਅਰ ਕੈਨੇਡਾ ਦੀ AC051 ਉਡਾਣ ਦਿੱਲੀ ਤੋਂ ਲਈ ਅਤੇ ਕੁਝ ਘੰਟੇ ਬਾਅਦ ਪੰਤ ਨੂੰ ਛਾਤੀ, ਪਿੱਠ ਵਿੱਚ ਦਰਦ ਅਤੇ ਉਲਟੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਇਹ ਉਡਾਣ ਯੂਰਪ ਵਿੱਚ ਸੀ ਅਤੇ ਸ਼ਾਨੂੰ ਪਾਂਡੇ ਨੇ ਜਹਾਜ਼ ਨੂੰ ਲੈਂਡ ਕਰਨ ਦੀ ਬੇਨਤੀ ਕੀਤੀ ਤਾਂ ਜੋ ਉਸਦੇ ਪਿਤਾ ਨੂੰ ਡਾਕਟਰੀ ਸਹਾਇਤਾ ਮਿਲ ਸਕੇ ।
ਪਾਂਡੇ ਨੇ ਕਿਹਾ,”ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਿਤਾ ਦੀ ਸਿਹਤ ਵਿਗੜਦੀ ਰਹੀ ਅਤੇ ਜਹਾਜ਼ ਦੇ ਅਮਲੇ ਨੇ ਲੈਂਡ ਕਰਨ ਦੀ ਬਜਾਏ ਆਪਣਾ ਸਫ਼ਰ ਜਾਰੀ ਰੱਖਿਆ। ਮੌਂਟਰੀਅਲ ਵਿੱਚ ਉਤਰਨ ਤੋਂ ਬਾਅਦ , ਪੰਤ ਨੂੰ ਡਾਕਟਰੀ ਸਹਾਇਤਾ ਮਿਲੀ ਪਰ ਉਸਦੀ ਜਾਨ ਨੂੰ ਬਚਾਇਆ ਨਾ ਜਾ ਸਕਿਆ।”
ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਲਿਖਿਆ ਕਿ ਏਅਰ ਕੈਨੇਡਾ ਪੰਤ ਦੇ ਪਰਿਵਾਰ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ, ਪਰ ਨਾਲ ਹੀ ਪੰਤ ਦੀ ਮੌਤ ਲਈ ਜਿੰਮੇਵਾਰ ਹੋਣ ਦੇ ਦਾਅਵੇ ਨੂੰ ਸਪੱਸ਼ਟ ਰੂਪ ਵਿੱਚ ਰੱਦ ਕੀਤਾ ਹੈ। ਫਿਟਜ਼ਪੈਟ੍ਰਿਕ ਦਾ ਕਹਿਣਾ ਹੈ ਕਿ ਚਾਲਕ ਦਲ ਨੇ ਔਨਬੋਰਡ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਪ੍ਰਕਿਰਿਆਵਾਂ ਦਾ ਸਹੀ ਢੰਗ ਨਾਲ ਪਾਲਣ ਕੀਤਾ ਹਾਲਾਂਕਿ ਪ੍ਰਕਿਰਿਆ ਬਾਰੇ ਦੱਸਣ ਤੋਂ ਫਿਟਜ਼ਪੈਟ੍ਰਿਕ ਨੇ ਇਨਕਾਰ ਕਰ ਦਿੱਤਾ। ਫਿਟਜ਼ਪੈਟ੍ਰਿਕ ਨੇ ਇਹ ਵੀ ਕਿਹਾ ਕਿ ਘਟਨਾ ਦੇ ਸਮੇਂ ਅਤੇ ਸਥਿਤੀ ਨੂੰ ਕਿਵੇਂ ਨਜਿੱਠਿਆ ਗਿਆ ਸੀ , ਦੇ ਸਬੰਧ ਵਿੱਚ ਚਾਲਕ ਦਲ ਦੀਆਂ ਰਿਪੋਰਟਾਂ ਪਰਿਵਾਰ ਤੋਂ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਵੱਖਰੀਆਂ ਹਨ।