ਗੁਰੂ ਗ੍ਰੰਥ ਸਾਹਿਬ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਗਰੰਥ ਸਾਹਿਬ ਸਿਖਾਂ ਦੇ ਸ਼ਬਦ ਗੁਰੂ ਹਨ । ਸਾਹਿਬ ਤੇ ਸ੍ਰੀ ਸਤਿਕਾਰ ਦੇ ਲਖਾਇਕ ਹਨ; ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸਬੰਧ ਰੱਖਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁੱਢਲਾ ਜਾਂ ਪਹਿਲਾ, ਜੋ ਇਸ ਗ੍ਰੰਥ ਨੂੰ ਸਿੱਖਾਂ ਦੀ ਦੂਸਰੀ ਪਵਿੱਤਰ ਗ੍ਰੰਥ ਦਸਮ ਗ੍ਰੰਥ, ਜਿਸ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਤੋਂ ਨਿਖੇੜਦਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਅਤੇ ਫਿਰਕਿਆਂ ਨਾਲ ਸੰਬੰਧ ਰੱਖਦੇ ਸਨ; ਉਹਨਾਂ ਵਿੱਚ ਹਿੰਦੂ ਹਨ, ਮੁਸਲਮਾਨ ਹਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ।
ਬਣਤਰ ਅਤੇ ਛਾਪਾ
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ
ਜਿੰਨੇ ਵੱਖ-ਵੱਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿੱਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ-ਰੂਪਾਂ ਵਿੱਚ ਪ੍ਰਗਟਾਇਆ ਹੈ। 31 ਰਾਗ ਵਰਤੇ ਗਏ ਹਨ। ਉਹਨਾਂ ਨੂੰ ਪਦਿਆਂ,ਅਸਟਪਦੀਆਂ ਤੇ 4 ਲਾਇਨ੍ਹਾਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ। 1430 ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿੱਚ ਛਾਪਣ ਦੀ ਮਾਨਤਾ ਹੈ ਇੱਕ ਮਿਆਰ ਬਣ ਗਈ ਹੈ। ਇਸ ਰੂਪ ਵਿੱਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-
ਤਤਕਰਾ(1-13)
ਸਿਰੀ ਰਾਗ(14-93)
ਮਾਝ ਰਾਗੁ(94-150)
ਗਉੜੀ ਰਾਗੁ(151-346)
ਆਸਾ ਰਾਗੁ(347-488)
ਗੂਜਰੀ ਰਾਗੁ(489-526)
ਦੇਵਗੰਧਾਰੀ ਰਾਗੁ(527-536)
ਬਿਹਾਗੜਾ ਰਾਗੁ(537-556)
ਵਡਹੰਸ ਰਾਗੁ (557-594)
ਸੋਰਠ ਰਾਗੁ (595-659)
ਧਨਾਸਰੀ ਰਾਗੁ (660-695)
ਜੈਤਸਰੀ ਰਾਗੁ (696-710)
ਟੋਡੀ ਰਾਗੁ (711-718)
ਬੈਰਾੜੀ ਰਾਗੁ (719-720)
ਤਿਲੰਗ ਰਾਗੁ (721-727)
ਸੂਹੀ ਰਾਗੁ (728-794)
ਬਿਲਾਵਲ ਰਾਗੁ (795-858)
ਗੌਂਡ ਰਾਗੁ (854-875)
ਰਾਮਕਲੀ ਰਾਗੁ (876-974)
ਨਟ ਨਰਾਇਣ ਰਾਗੁ (975-983)
ਮਾਲਿ ਗਉੜਾ ਰਾਗੁ (984-988)
ਮਾਰੂ ਰਾਗੁ(989-1106)
ਤੁਖਾਰੀ ਰਾਗੁ (1107-1117)
ਕੇਦਾਰ ਰਾਗੁ (1118-1124)
ਭੈਰਉ ਰਾਗੁ(1125-1167)
ਬਸੰਤੁ ਰਾਗੁ (1158-1196)
ਸਾਰੰਗ ਰਾਗੁ (1197-1253)
ਮਲਾਰ ਰਾਗੁ (1254-1293)
ਕਾਨੜਾ ਰਾਗੁ (1294-1318)
ਕਲਿਆਣ ਰਾਗੁ (1319-1326)
ਪਰਭਾਤੀ ਰਾਗੁ (1327-1351)
ਜੈਜਾਵੰਤੀ ਰਾਗੁ (1352-1353)
ਸਲੋਕ ਸਹਸਕ੍ਰਿਤੀ(1353-1360)
ਗਾਥਾ,ਫ਼ੁਨਹੇ ਤੇ ਚਉਬੋਲੇ(1360-1364)
ਸਲੋਕ ਕਬੀਰ(1364-1377)
ਸਲੋਕ ਫ਼ਰੀਦ(1377-1384)
ਸਵੱਈਏ(1385-1409)
ਸਲੋਕ ਵਾਰਾਂ ਤੌਂ ਵਧੀਕ(1410-1429)
ਮੁੰਦਾਵਣੀ ਤੇ ਰਾਗਮਾਲਾ(1429-1430)
ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ।
ਭਗਤ ਬਾਣੀ
ਭਗਤ ਕਬੀਰ ਜੀ 224 ਭਗਤ ਭੀਖਨ ਜੀ 2
ਭਗਤ ਨਾਮਦੇਵ ਜੀ 61 ਭਗਤ ਸੂਰਦਾਸ ਜੀ 1 (ਸਿਰਫ਼ ਤੁਕ)
ਭਗਤ ਰਵਿਦਾਸ ਜੀ 40 ਭਗਤ ਪਰਮਾਨੰਦ ਜੀ 1
ਭਗਤ ਤ੍ਰਿਲੋਚਨ ਜੀ 4 ਭਗਤ ਸੈਣ ਜੀ 1
ਭਗਤ ਫਰੀਦ ਜੀ 4 ਭਗਤ ਪੀਪਾ ਜੀ 1
ਭਗਤ ਬੈਣੀ ਜੀ 3 ਭਗਤ ਸਧਨਾ ਜੀ 1
ਭਗਤ ਧੰਨਾ ਜੀ 3 ਭਗਤ ਰਾਮਾਨੰਦ ਜੀ 1
ਭਗਤ ਜੈਦੇਵ ਜੀ 2 ਗੁਰੂ ਅਰਜਨ ਦੇਵ ਜੀ 3
ਜੋੜ 352
ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਭਗਤ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਭਗਤ ਕਬੀਰ ਜੀ ਅਤੇ ਭਗਤ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਭਗਤ ਕਬੀਰ ਜੀ = 243 (ਇਹਨਾਂ ਸਲੋਕਾਂ ਵਿੱਚ ਗੁਰੂ ਸਾਹਿਬਾਨ ਦੇ ਭੀ ਕੁਝ) ਭਗਤ ਫਰੀਦ ਜੀ = 130 ਸਲੋਕ ਹਨ ਗੁਰੂ ਗਰੰਥ ਸਾਹਿਬ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਕਈ ਨਾਂ ਵਰਤੇ ਗਏ ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਅਕਾਲ ਪੁਰਖ ਦੇ ਅਨੇਕਾਂ ਨਾਮ ਦਾ ਵੇਰਵਾ
ਅਕਾਲ ਪੁਰਖ ਦਾ ਨਾਮ ਗਿਣਤੀ ਅਕਾਲ ਪੁਰਖ ਦਾ ਨਾਮ ਗਿਣਤੀ ਅਕਾਲ ਪੁਰਖ ਦਾ ਨਾਮ ਗਿਣਤੀ
ਹਰਿ 8344 ਰਾਮ 2533 ਪ੍ਰਭੂ 1371
ਗੋਪਾਲ 491 ਗੋਬਿੰਦ 475 ਪਰਮਾਤਮਾ 324
ਕਰਤਾ 228 ਠਾਕੁਰ 216 ਦਾਤਾ 151
ਪਰਮੇਸ਼ਰ 139 ਮੁਰਾਰੀ 97 ਨਾਰਾਇਣ 89
ਅੰਤਰਜਾਮੀ 61 ਜਗਦੀਸ 60 ਸਤਿਨਾਮੁ 59
ਮੋਹਨ 54 ਅੱਲਾ 46 ਭਗਵਾਨ 30
ਨਿਰੰਕਾਰ 29 ਕ੍ਰਿਸ਼ਨ 22 ਵਾਹਿਗੁਰੂ 13
ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ
ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿੱਚ ਹੈ। 6 ਪਉੜੀਆਂ। ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ:-
ਕੱਲਸਹਾਰ
ਜਾਲਪ
ਕੀਰਤ
ਭਿੱਖਾ
ਸਲ੍ਹ
ਭਲ੍ਹ
ਨਲ੍ਹ
ਬਲ੍ਹ
ਗਯੰਦ
ਹਰਿਬੰਸ
ਮਥਰਾ
ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੋਂ ਵਦੀ ਏਕਮ ਸੰਮਤ 1661/1 ਅਗਸਤ 1604 ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਤੋਂ ਬਾਅਦ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।7000 ਸ਼ਬਦਾਂ ਦੇ ਇਸ ਸੰਗ੍ਰਿਹ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ, ਭਾਰਤ ਦੇ ਵਖ ਵਖ ਸੂਬਿਆਂ ਦੇ 15 ਭਗਤਾਂ ਤੇ ਸੂਫ਼ੀਆਂ ਜਿਹਨਾਂ ਵਿੱਚ ਸ਼ੇਖ ਫ਼ਰੀਦ, ਭਗਤ ਕਬੀਰ ਜੀ ਕਬੀਰ ਅਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ। ਇਸ ਪਵਿੱਤਰ ਗਰੰਥ ਦੇ 974 ਪਤਰੇ ਸਨ ਜਿਹਨਾਂ ਦੇ 12”x8”ਅਕਾਰ ਦੇ 1948 ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ। ਉਹ ਜਗ੍ਹਾਂ ਜਿੱਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉੱਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
ਗੁਰਿਆਈ
ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-
“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਆਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
ਗੁਰੂ ਗਰੰਥ ਸਾਹਿਬ 1914 ਦੀ ਸੰਸਾਰ ਜੰਗ ਦੌਰਾਨ ਮੈਸੋਪਟਾਮੀਆ ਵਿੱਚ ਕਿਧਰੇ ਸਿਖ ਮਾਰਚਿੰਗ ਕਾਲਮ ਦੀ ਅਗਵਾਈ ਕਰਦੇ ਹੋਏ
‘ਗੁਰੂ ਗ੍ਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿੱਖਾਂ ਦੇ ਔਕੜ ਭਰੇ ਸਮੇਂ ਵੀ, ਜਦੋਂ ਉਹਨਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਹਨਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ, ਸਿੱਖਾਂ ਦੀ ਸਭ ਤੋਂ ਵਡਮੁੱਲੀ ਸ਼ੈਅ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੋਂ ਵੱਧ ਮਾਣ ਸੀ ਅਤੇ ਜਿਸ ਨੂੰ ਉਹਨਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੋਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਹਨਾਂ ਇਸ ਪਵਿੱਤਰ ਗ੍ਰੰਥ ਸਾਹਿਬ ਦੀ ਬਰਾਬਰੀ ਨਹੀਂ ਕਰਨ ਦਿਤੀ ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ, ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ, ਸ਼ਖਸੀ ਅਚਾਰ ਵਿੱਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ । ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ । ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀਸ ਨਿਵਾਉਣ ਜਾਇਆ ਕਰਦਾ ਸੀ । ਸਿੱਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋ ਇੱਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੋਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉੱਪਰੰਤ ਇਸ ਪਵਿੱਤਰ ਗ੍ੰਥ ਨੂੰ ਹੀ ਗੁਰੂ ਕਰ ਕੇ ਮੰਨਿਆ ਜਾਂਦਾ ਹੈ।