ਕੈਨੇਡੀਅਨ ਐਮਪੀਜ਼ ਦਾ ਇੱਕ ਸਮੂਹ ਇਜ਼ਰਾਈਲ ਨਾਲ ਇਕਜੁੱਟਤਾ ਦਿਖਾਉਣ ਲਈ ਸੋਮਵਾਰ ਨੂੰ ਜੇਰੂਸਲਮ ਪਹੁੰਚਿਆ। ਪੰਜ ਐਮਪੀਜ਼, ਦੋ ਲਿਬਰਲ ਅਤੇ ਤਿੰਨ ਕੰਜ਼ਰਵੇਟਿਵ, 60 ਲੋਕਾਂ ਦੇ ਇੱਕ ਵੱਡੇ ਵਫ਼ਦ ਦਾ ਹਿੱਸਾ ਹਨ ਜਿਸ ਵਿਚ ਕੈਨੇਡਾ ਦੇ ਯਹੂਦੀ ਲੀਡਰ ਵੀ ਸ਼ਾਮਲ ਹਨ। ਉਨ੍ਹਾਂ ਦੀ ਹਮਾਸ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਕੁਝ ਇਜ਼ਰਾਈਲੀ ਹਮਰੁਤਬਾ ਨਾਲ ਮਿਲਣ ਦੀ ਯੋਜਨਾ ਹੈ।
ਯਹੂਦੀ ਲਿਬਰਲ ਐਮਪੀ, ਐਂਥਨੀ ਹਾਊਸਫ਼ਾਦਰ ਨੇ ਕਿਹਾ, ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਇਜ਼ਰਾਈਲੀਆਂ ਨੂੰ ਇਹ ਸਪੱਸ਼ਟ ਹੋਵੇ ਕਿ ਕੈਨੇਡੀਅਨਜ਼ ਉਨ੍ਹਾਂ ਦਾ ਸਮਰਥਨ ਕਰਦੇ ਹਨ। ਇਸ ਦੌਰੇ ਦਾ ਟੀਚਾ ਐਮਪੀਜ਼ ਨੂੰ 7 ਅਕਤੂਬਰ ਦੀ ਘਟਨਾ ਅਤੇ ਇਜ਼ਰਾਈਲੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਬਿਹਤਰ ਸਮਝ ਪ੍ਰਦਾਨ ਕਰਨਾ, ਬੰਧਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਾ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਨਾ ਹੈ।
ਕੰਜ਼ਰਵੇਟਿਵ ਐਮਪੀ ਅਤੇ ਡਿਪਟੀ ਲੀਡਰ ਮੈਲੀਸਾ ਲੈਂਟਸਮੈਂਨ, ਐਮਪੀ ਮਾਰਟੀ ਮੋਰੈਂਟਜ਼ ਅਤੇ ਮਿਸ਼ੈਲ ਰੈਮਪੈਲ ਵੀ ਇਸ ਏਕਾ ਯਾਤਰਾ ਵਿਚ ਸ਼ਾਮਲ ਹਨ। ਲਿਬਰਲ ਐਮਪੀ ਮਾਰਕੋ ਮੈਂਡੀਚੀਨੋ ਵੀ ਵਫ਼ਦ ਦਾ ਹਿੱਸਾ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਹਮਾਸ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਜ਼ਰਾਈਲ ਨੂੰ ਸੰਜਮ ਵਰਤਣ ਬਾਬਤ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਟਿੱਪਣੀ ਦੀ ਆਲੋਚਨਾ ਕਰਨ ਤੋਂ ਪਹਿਲਾਂ ਇਸ ਦੌਰੇ ਦੀ ਯੋਜਨਾ ਬਣਾਈ ਗਈ ਸੀ।