ਇਜ਼ਰਾਈਲ ਅਤੇ ਹਮਾਸ ਵਿਚਕਾਰ ਇੱਕ ਅਸਥਾਈ ਜੰਗਬੰਦੀ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। 48 ਦਿਨਾਂ ਦੇ ਸੰਘਰਸ਼ ਵਿੱਚ ਇਹ ਪਹਿਲਾ ਵਿਰਾਮ ਹੈ, ਪਰ ਦੋਵਾਂ ਧਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਯੁੱਧ ਖ਼ਤਮ ਨਹੀਂ ਹੋਇਆ ਹੈ। ਕਿਸੇ ਵੱਡੇ ਬੰਬ ਧਮਾਕੇ ਜਾਂ ਰਾਕੇਟ ਹਮਲਿਆਂ ਦੀ ਰਿਪੋਰਟ ਨਹੀਂ ਹੈ, ਹਾਲਾਂਕਿ ਹਮਾਸ ਅਤੇ ਇਜ਼ਰਾਈਲ ਦੋਵਾਂ ਨੇ ਇੱਕ ਦੂਜੇ ‘ਤੇ ਜੰਗਬੰਦੀ ਦੀਆਂ ਛੁਟਪੁਟ ਉਲੰਘਣਾਵਾਂ ਦਾ ਦੋਸ਼ ਲਗਾਇਆ ਹੈ।
ਅਸਥਾਈ ਜੰਗਬੰਦੀ ਤਹਿਤ ਸ਼ੁੱਕਰਵਾਰ ਸ਼ਾਮ ਨੂੰ ਫ਼ਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਹਮਾਸ ਵੱਲੋਂ ਬੰਧੀ ਬਣਾਏ ਗਏ ਲੋਕਾਂ ਚੋਂ 13 ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕੀਤਾ ਜਾਵੇਗਾ। ਅਗਲੇ ਚਾਰ ਦਿਨਾਂ ਵਿਚ 50 ਤੋਂ ਵੱਧ ਬੰਧਕਾਂ ਨੂੰ ਰਿਹਾਅ ਕੀਤਾ ਜਾਣਾ ਹੈ। ਸੂਤਰਾਂ ਅਨੁਸਾਰ ਬੰਧਕਾਂ ਨੂੰ ਰੈਡ ਕਰੌਸ ਅਤੇ ਮਿਸਰ ਦੇ ਸੁਰੱਖਿਆ ਵਫ਼ਦ ਨੂੰ ਸੌਂਪਿਆ ਜਾਵੇਗਾ, ਜਿਹੜਾ ਕਿ ਵੀਰਵਾਰ ਨੂੰ ਗਾਜ਼ਾ ਪਹੁੰਚਿਆ ਹੈ। ਫਿਰ ਬੰਧਕਾਂ ਨੂੰ ਮਿਸਰ ਲਿਜਾਇਆ ਜਾਵੇਗਾ, ਜਿੱਥੋਂ ਉਹ ਇਜ਼ਰਾਈਲ ਪਹੁੰਚਣਗੇ।