ਪੀਜ਼ਾ ਡਿਲੀਵਰ ਕਰਨ ਗਏ ਬ੍ਰੈਂਪਟਨ ਦੇ ਨੌਜਵਾਨ ਗੁਰਵਿੰਦਰ ਨਾਥ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਲੜਕਾ ਨੂੰ ਦੂਜੇ ਦਰਜੇ ਦੇ ਕਤਲ ਲਈ ਚਾਰਜ ਕੀਤਾ ਹੈ। 24 ਸਾਲ ਦਾ ਗੁਰਵਿੰਦਰ ਨਾਥ 9 ਜੁਲਾਈ ਨੂੰ ਮਿਸਿਸਾਗਾ ਦੇ ਬ੍ਰਿਟੇਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਇਲਾਕੇ ਵਿਚ ਪੀਜ਼ਾ ਡਿਲੀਵਰ ਕਰਨ ਗਿਆ ਸੀ। ਜਦੋਂ ਉਹ ਡਿਲੀਵਰੀ ਦੇ ਪਤੇ ‘ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੁਰਵਿੰਦਰ ਅਤੇ ਮਸ਼ਕੂਕਾਂ ਦਰਮਿਆਨ ਝੜਪ ਹੋ ਗਈ।
ਪੁਲਿਸ ਨੇ ਦੱਸਿਆ ਸੀ ਕਿ ਗੁਰਵਿੰਦਰ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਜ਼ਖ਼ਮੀ ਕਰਨ ਤੋਂ ਬਾਅਦ ਮਸ਼ਕੂਕ ਉਸਦੀ ਗੱਡੀ ਲੈਕੇ ਫ਼ਰਾਰ ਹੋ ਗਏ ਸਨ। ਬਹੁਤ ਸਾਰੇ ਚਸ਼ਮਦੀਦ ਗੁਰਵਿੰਦਰ ਦੀ ਮਦਦ ਲਈ ਆਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਕਾਲ ਕੀਤੀ। ਗੁਰਵਿੰਦਰ ਨੂੰ ਟਰੌਮਾ ਸੈਂਟਰ ਭਰਤੀ ਕੀਤਾ ਗਿਆ ਸੀ, ਪਰ ਹਮਲੇ ਤੋਂ ਪੰਜ ਦਿਨਾਂ ਬਾਅਦ 14 ਜੁਲਾਈ ਨੂੰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਸੀ।
ਜਾਂਚਕਰਤਾਵਾਂ ਨੇ ਕਿਹਾ ਕਿ ਮੌਤ ਦੇ ਸਬੰਧ ਵਿੱਚ ਇੱਕ ਲੜਕਾ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਸ ਨੌਜਵਾਨ ਦਾ ਨਾਮ ਨਹੀਂ ਲਿਆ ਜਾ ਸਕਦਾ। ਪੁਲਿਸ ਨੇ ਸ਼ੱਕੀ ਦੀ ਉਮਰ ਨਹੀਂ ਦੱਸੀ। ਲੜਕਾ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਬ੍ਰੈਂਪਟਨ ਦੀ ਅਦਾਲਤ ਵਿਚ ਪੇਸ਼ ਹੋਵੇਗਾ।
(ਸੀਬੀਸੀ ਨਿਊਜ਼)