ਐਬਟਸਫ਼ੋਰਡ ਪੁਲਿਸ ਵਿਭਾਗ ਪਿਛਲੇ ਹਫ਼ਤੇ ਕਈ ਸਥਾਨਕ ਕਾਰੋਬਾਰਾਂ ਨੂੰ ਕਥਿਤ ਤੌਰ ‘ਤੇ ਭੇਜੀਆਂ ਗਈਆਂ ਫ਼ਿਰੌਤੀ ਦੀਆਂ ਚਿੱਠੀਆਂ ਦੀ ਜਾਂਚ ਕਰ ਰਿਹਾ ਹੈ। ਪੁਲਿਸ ਅਨੁਸਾਰ ਕਾਰੋਬਾਰਾਂ ਤੋਂ ਫ਼ਿਰੌਤੀ ਦੀ ਮੰਗ ਕਰਨ ਵਾਲੀਆਂ ਚਿੱਠੀਆਂ ਇੱਕੋ ਜਿਹੀਆਂ ਹੀ ਹਨ ਜਿਨ੍ਹਾਂ ਵਿਚ ਕਾਰੋਬਾਰਾਂ ਕੋਲੋਂ ਭਵਿੱਖ ਵਿਚ ਕਿਸੇ ਹਿੰਸਾ ਤੋਂ ਬਚਣ ਦੇ ਬਦਲੇ ਪੈਸੇ ਮੰਗੇ ਗਏ ਹਨ। ਚਿੱਠੀਆਂ ਵਿੱਚ ਐਬਟਸਫ਼ੋਰਡ ਵਿੱਚ ਹਾਲ ਹੀ ਵਿੱਚ ਰਿਪੋਰਟ ਕੀਤੀਆਂ ਘਟਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਪਰ ਪੁਲਿਸ ਰਿਲੀਜ਼ ਅਨੁਸਾਰ ਅਜੇ ਤੱਕ ਕਿਸੇ ਸਬੰਧ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਐਬਟਸਫ਼ੋਰਡ ਪੁਲਿਸ ਦਾ ਕਹਿਣਾ ਹੈ ਕਿ ਚਿੱਠੀਆਂ ਇੱਕੋ ਜਿਹੀਆਂ ਹਨ ਅਤੇ ਇਹਨਾਂ ਵਿੱਚ ਕਾਰੋਬਾਰਾਂ ਜਾਂ ਉਹਨਾਂ ਦੇ ਖਿਲਾਫ਼ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਕੋਈ ਖ਼ਾਸ ਜਾਣਕਾਰੀ ਸ਼ਾਮਲ ਨਹੀਂ ਹੈ। ਪੁਲਿਸ ਅਨੁਸਾਰ ਚਿੱਠੀਆਂ ਵਿਚ ਭੁਗਤਾਨ, ਸੰਪਰਕ, ਜਾਂ ਸੰਚਾਰ ਦੇ ਤਰੀਕੇ ਬਾਰੇ ਕੋਈ ਵੇਰਵਾ ਨਹੀਂ ਹੈ।
ਨਿਊਜ਼ ਰਿਲੀਜ਼ ਵਿਚ ਐਬਟਸਫ਼ੋਰਡ ਪੁਲਿਸ ਨੇ ਲੋਕਾਂ ਨੂੰ ਸ਼ੱਕੀ ਵਿਅਕਤੀ/ਵਿਅਕਤੀਆਂ ਨਾਲ ਸੰਪਰਕ ਵਿਚ ਨਾ ਰੁੱਝਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਅਜਿਹੀ ਚਿੱਠੀ ਪ੍ਰਾਪਤ ਹੋਈ ਹੈ ਜਾਂ ਇਹਨਾਂ ਫ਼ਿਰੌਤੀ ਦੀਆਂ ਕੋਸ਼ਿਸ਼ਾਂ ਬਾਰੇ ਕੋਈ ਵੀ ਹੋਰ ਜਾਣਕਾਰੀ ਹੈ ਤਾਂ ਉਹ ਤੁਰੰਤ 604-859-5225 ‘ਤੇ ਸੰਪਰਕ ਕਰੇ।