ਗੂਗਲ ਕ੍ਰੋਮ ਅਤੇ ਐਪਲ ਸਫਾਰੀ ਬ੍ਰਾਊਜ਼ਰ ਦਾ ਫਰਜ਼ੀ ਅਪਡੇਟ ਵਾਇਰਲ ਹੋ ਰਿਹਾ ਹੈ। ਇਨ੍ਹਾਂ ਫਰਜ਼ੀ ਅਪਡੇਟ ਦੇ ਨਾਲ ਐਟਾਮਿਕ ਸਟੀਲਰ ਮਾਲਵੇਅਰ ਵੀ ਲੋਕਾਂ ਦੇ ਸਿਸਟਮ ‘ਚ ਪਹੁੰਚ ਰਿਹਾ ਹੈ। AMOS ਮਾਲਵੇਅਰ ਮੈਕ ਸਿਸਟਮ ‘ਚੋਂ ਪਾਰਸਵਰਡ, ਪ੍ਰਾਈਵੇਟ ਅਤੇ ਹੋਰ ਫਾਈਲਾਂ ਨੂੰ ਚੋਰੀ ਕਰ ਸਕਦਾ ਹੈ। ਆਮਤੌਰ ‘ਤੇ ਹੈਕਰ ਵਿੰਡੋਜ਼ ਯੂਜ਼ਰਜ਼ ਨੂੰ ਸ਼ਿਕਾਰ ਬਣਾਉਂਦੇ ਹਨ ਪਰ ਇਸ ਵਾਰ ਇਨ੍ਹਾਂ ਨੇ ਮੈਕ ਯੂਜ਼ਰਜ਼ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਤੋਂ ਬਚਣ ਦਾ ਇਕ ਹੀ ਰਸਤਾ ਹੈ ਕਿਸੇ ਵੀ ਥਰਡ ਪਾਰਟੀ ਸੋਰਸ ਤੋਂ ਆਪਣੇ ਕ੍ਰੋਮ ਅਤੇ ਸਫਾਰੀ ਬ੍ਰਾਊਜ਼ਰ ਨੂੰ ਅਪਡੇਟ ਨਾ ਕਰੋ। ਜੇਕਰ ਤੁਸੀਂ ਵਰਡਪ੍ਰੈੱਸ ਦੀ ਕਿਸੇ ਸਾਈਟ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਪਡੇਟ ਲਈ ਆਉਣ ਵਾਲੇ ਨੋਟੀਫਿਕੇਸ਼ਨ ‘ਤੇ ਧਿਆਨ ਨਾ ਦਿਓ ਅਤੇ ਕਿਸੇ ਵੀ ਕੀਮਤ ‘ਤੇ ਕੋਈ ਇੰਸਟਾਲਰ ਇੰਸਟਾਲ ਨਾ ਕਰੋ।
ਸਾਈਬਰ ਸਕਿਓਰਿਟੀ ਫਰਮ Malwarebytes ਨੇ ਇਸਦੀ ਜਾਣਕਾਰੀ ਦਿੱਤੀ ਹੈ। AMOS ਮਾਲਵੇਅਰ ਨੂੰ macOS ਯੂਜ਼ਰਜ਼ ਲਈ ClearFake ਰਾਹੀਂ ਫੈਲਾਇਆ ਜਾ ਰਿਹਾ ਹੈ। ਇਕ ਕੈਂਪੇਨ ਤਹਿਤ ਵਰਡਪ੍ਰੈੱਸ ਸਾਈਟ ਨੂੰ ਹਾਈਜੈਕ ਕੀਤਾ ਜਾ ਰਿਹਾ ਹੈ ਅਤੇ ਫਿਰ ਫੇਕ ਬ੍ਰਾਊਜ਼ਰ ਅਪਡੇਟ ਦਿੱਤਾ ਜਾ ਰਿਹਾ ਹੈ।
ਇਸ ਮਾਲਵੇਅਰ ਲਈ ਸਾਈਬਰ ਠੱਗਾਂ ਨੇ ਗੂਗਲ ਕ੍ਰੋਮ ਅਤੇ ਸਫਾਰੀ ਦੇ ਡਾਊਨਲੋਡ ਪੇਜ ਦਾ ਇਕ ਕਲੋਨ ਬਣਾਇਆ ਹੈ ਜੋ ਕਿ ਦੇਖਣ ‘ਚ ਅਸਲੀ ਲੱਗ ਰਿਹਾ ਹੈ। ਕ੍ਰੋਮ ਅਤੇ ਸਫਾਰੀ ਦਾ ਫਰਜ਼ੀ ਅਪਡੇਟ ਦੇਖਣ ‘ਚ ਨਵਾਂ ਅਤੇ ਆਕਰਸ਼ਕ ਲੱਗ ਰਿਹਾ ਹੈ। ਫਰਜ਼ੀ ਡਾਊਨਲੋਡ ‘ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰਜ਼ ਦੇ ਮੈਕਬੁੱਕ ‘ਚ .dmg ਫਾਈਲ ਡਾਊਨਲੋਡ ਹੋ ਰਹੀ ਹੈ। ਡਾਊਨਲੋਡ ਹੋਣ ਤੋਂ ਬਾਅਦ ਇੰਸਟਾਲੇਸ਼ਨ ਦੇ ਸਮੇਂ ਇਹ ਐਡਮਿਨੀਸਟ੍ਰੇਸ਼ਨ ਦਾ ਪਾਸਵਰਡ ਮੰਗ ਰਿਹਾ ਹੈ ਅਤੇ ਇੰਸਟਾਲ ਹੋਣ ਤੋਂ ਬਾਅਦ ਇਹ ਹਰ ਤਰ੍ਹਾਂ ਦੇ ਪਾਸਵਰਡ ਅਤੇ ਫਾਈਲ ਨੂੰ ਐਕਸੈਸ ਕਰ ਰਿਹਾ ਹੈ।