ਗ੍ਰੇਟਰ ਟੋਰੌਂਟੋ ਏਰੀਆ ਦੀਆਂ ਤਿੰਨ ਪੁਲਿਸ ਫ਼ੋਰਸਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਹਫ਼ਤੇ ਅਲੱਗ ਅਲੱਗ ਸਿਨੇਮਾ ਘਰਾਂ ਦੇ ਅੰਦਰ ਕਿਸੇ ਕਿਸਮ ਦੇ ਪਦਾਰਥ ਸਪ੍ਰੇਅ ਕੀਤੇ ਜਾਣ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਸਪ੍ਰੇਅ ਦੀ ਘਟਨਾ ਕਾਰਨ ਸਿਨੇਮਾ ਘਰਾਂ ਨੂੰ ਖ਼ਾਲੀ ਕਰਵਾਉਣਾ ਪਿਆ ਸੀ। ਯੌਰਕ ਰੀਜਨਲ ਪੁਲਿਸ ਅਨੁਸਾਰ ਮੰਗਲਵਾਰ ਰਾਤੀਂ 9:20 ਵਜੇ ਵੌਨ ਸ਼ਹਿਰ ਵਿਚ ਹਾਈਵੇਅ 7 ਅਤੇ ਹਾਈਵੇਅ 400 ਨੇੜੇ ਸਥਿਤ ਸਿਨੇਮਾ ਘਰ ਵਿਚ ਇਸ ਤਰ੍ਹਾਂ ਦੀ ਘਟਨਾ ਵਾਪਰੀ।
ਪੁਲਿਸ ਅਨੁਸਾਰ ਮਾਸਕ ਅਤੇ ਹੁੱਡ ਪਹਿਨੇ ਦੋ ਵਿਅਕਤੀਆਂ ਨੇ ਥੇਟਰ ਅੰਦਰ ਕੋਈ ਅਣਜਾਣ ਪਦਾਰਥ ਸਪ੍ਰੇਅ ਕਰ ਦਿੱਤਾ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਖ਼ਾਂਸੀ ਛਿੜ ਗਈ। ਉਸ ਸਮੇਂ ਸਿਨੇਮਾ ਘਰ ਵਿਚ ਕਰੀਬ 200 ਲੋਕ ਸਨ। ਨਿਊਜ਼ ਰਿਲੀਜ਼ ਅਨੁਸਾਰ ਐਮਰਜੈਂਸੀ ਦਸਤਿਆਂ ਨੂੰ ਬੁਲਾਇਆ ਗਿਆ ਅਤੇ ਸਿਨੇਮਾ ਘਰ ਨੂੰ ਖ਼ਾਲੀ ਕਰਾ ਕੇ ਕਈ ਲੋਕਾਂ ਨੂੰ ਉਸ ਪਦਾਰਥ ਦੇ ਸੰਪਰਕ ਵਿਚ ਆਉਣ ‘ਤੇ ਜ਼ੇਰੇ ਇਲਾਜ ਕੀਤਾ ਗਿਆ।
ਜਾਂਚ ਅਧਿਕਾਰੀਆਂ ਅਨੁਸਾਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਦੋ ਸ਼ੱਕੀ ਉੱਥੋਂ ਫ਼ਰਾਰ ਹੋ ਗਏ। ਪੁਲਿਸ ਅਨੁਸਾਰ ਘਟਨਾ ਦੇ ਸਮੇਂ ਸਿਨੇਮਾ ਘਰ ਵਿਚ ਹਿੰਦੀ ਫ਼ਿਲਮ ਦਿਖਾਈ ਜਾ ਰਹੀ ਸੀ। ਪੁਲਿਸ ਅਨੁਸਾਰ ਇੱਕ ਸ਼ੱਕੀ ਸਿਆਹਫ਼ਾਮ ਵਿਅਕਤੀ ਹੈ ਅਤੇ ਦੂਸਰਾ ਸ਼ੱਕੀ ਬ੍ਰਾਊਨ ਹੈ। ਯੌਰਕ ਪੁਲਿਸ ਦਾ ਕਹਿਣਾ ਹੈ ਕਿ ਉਹ ਪੀਲ ਪੁਲਿਸ ਅਤੇ ਟੋਰੌਂਟੋ ਪੁਲਿਸ ਨਾਲ ਵੀ ਤਾਲਮੇਲ ਵਿਚ ਹਨ, ਜਿੱਥੇ ਇਸ ਹਫ਼ਤੇ ਇਸੇ ਕਿਸਮ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਕੋਈ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।