ਨਿਊਯਾਰਕ- 2025-30 ਲਈ ਯੂ. ਐਸ. ਸਰਕਾਰ ਦੇ ਖੁਰਾਕ ਦਿਸ਼ਾ-ਨਿਰਦੇਸ਼ਾਂ ਦੇ ਅਗਲੇ ਸੈੱਟ ਵਿੱਚ ਅਲਟਰਾ-ਪ੍ਰੋਸੈਸ ਕੀਤੇ ਭੋਜਨਾਂ ਵਿਰੁੱਧ ਸਖ਼ਤ ਚਿਤਾਵਨੀਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇੱਕ ਕਮੇਟੀ ਹਰ ਪੰਜ ਸਾਲਾਂ ਵਿੱਚ ਸਰਕਾਰੀ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰਦੀ ਹੈ ਅਤੇ ਸੁਝਾਅ ਦਿੰਦੀ ਹੈ। ਇਸਦੇ ਮੈਂਬਰ ਅਮਰੀਕਾ ਦੇ ਖੇਤੀਬਾੜੀ ਅਤੇ ਸਿਹਤ ਵਿਭਾਗ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਹਾਲਾਂਕਿ ਇਸ ਮਾਮਲੇ ਵਿੱਚ ਕਮੇਟੀ ਦੇ ਕਈ ਮੈਂਬਰਾਂ ਦੇ ਹਿੱਤਾਂ ਦਾ ਟਕਰਾਅ ਹੋ ਸਕਦਾ ਹੈ।
ਇੱਕ ਐਨ. ਜੀ. ਓ. ਦੀ ਰਿਪੋਰਟ ਦੇ ਅਨੁਸਾਰ, ਕਮੇਟੀ ਵਿੱਚ 20 ਵਿੱਚੋਂ 9 ਦੇ ਫੂਡ, ਫਾਰਮਾਸਿਊਟੀਕਲ ਜਾਂ ਭਾਰ ਘਟਾਉਣ ਵਾਲੀਆਂ ਕੰਪਨੀਆਂ ਨਾਲ ਵਿੱਤੀ ਸਬੰਧ ਹਨ ਜਿਨ੍ਹਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਲਾਭ ਜਾਂ ਨੁਕਸਾਨ ਹੋ ਸਕਦਾ ਹੈ। ਵੱਡੀਆਂ ਫੂਡ ਕੰਪਨੀਆਂ ਦਾ ਇਹਨਾਂ ਦਿਸ਼ਾ-ਨਿਰਦੇਸ਼ਾਂ ‘ਤੇ ਬਹੁਤ ਪ੍ਰਭਾਵ ਹੈ ਅਤੇ ਉਹ ਅਤਿ-ਪ੍ਰੋਸੈਸ ਕੀਤੇ ਭੋਜਨਾਂ ਲਈ ਸਖ਼ਤ ਨਿਯਮਾਂ ਨੂੰ ਰੋਕਣ ਵਿੱਚ ਕਾਫੀ ਦਿਲਚਸਪੀ ਰੱਖਦੀਆਂ ਹਨ। ਅਲਟਰਾ ਪ੍ਰੋਸੈਸਡ ਭੋਜਨ ਜ਼ਿਆਦਾਤਰ ਵੱਡੇ ਕਾਰਪੋਰੇਟਾਂ ਦੇ ਉਤਪਾਦ ਹਨ। ਇਹ ਆਮ ਤੌਰ ‘ਤੇ ਤਕਨਾਲੋਜੀ ਦੀ ਮਦਦ ਨਾਲ ਤਿਆਰ ਕੀਤੇ ਜਾਂਦੇ ਹਨ।
ਇਹਨਾਂ ਵਿੱਚ ਕਾਰਬੋਨੇਟੇਡ ਸਾਫਟ ਡਰਿੰਕ, ਕੈਂਡੀ, ਵੱਡੇ ਪੱਧਰ ‘ਤੇ ਤਿਆਰ ਕੀਤੀ ਪੈਕ ਕੀਤੀ ਬ੍ਰੈਡ, ਮਾਰਜਰੀ ਭਾਵ ਨਕਲੀ ਮਖਣ, ਫਲ, ਦਹੀਂ, ਚਿਕਨ ਨਗੇਟਸ, ਫਿਸ਼ ਸਟਿਕਸ, ਸੌਸੇਜ, ਬਰਗਰ, ਹੌਟ ਡਾਗ, ਅਤੇ ਇੱਥੋਂ ਤੱਕ ਕਿ ਬੇਬੀ ਫਾਰਮੂਲਾ ਵੀ ਸ਼ਾਮਲ ਹਨ। ਯੂਨੀਵਰਸਿਟੀ ਕਾਲਜ ਲੰਡਨ ਦੇ ਸਹਾਇਕ ਪ੍ਰੋਫੈਸਰ ਕ੍ਰਿਸ ਵੈਨ ਟੂਲੀਪੇਨ ਦੇ ਅਨੁਸਾਰ, ਅਲਟਰਾ-ਪ੍ਰੋਸੈਸਡ ਭੋਜਨ ਭੁੱਖ ਅਤੇ ਪਾਚਨ ਨੂੰ ਨਿਯਮਤ ਕਰਨ ਦੀ ਸਾਡੀ ਸਮਰੱਥਾ ਵਿੱਚ ਵਿਘਨ ਪਾਉਂਦੇ ਹਨ। ਇਹ ਹਾਰਟ ਅਟੈਕ, ਡਿਮੈਂਸ਼ੀਆ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਕਰੋਹਨ ਅਤੇ ਅਲਸਰੇਟਿਵ ਕੋਲਾਈਟਿਸ ਵਰਗੀਆਂ ਇਨਫਲੇਮੇਟਰੀ ਬਾਊਲ ਡਿਸੀਜ਼ ਅਤੇ ਪੇਟ, ਲੀਵਰ, ਬ੍ਰੈਸਟ ਕੈਂਸਰ ਨਾਲ ਜਲਦੀ ਮੌਤ ਦਾ ਖ਼ਤਰਾ ਵੀ ਵੱਧ ਜਾਂਦਾ ਹੈ।