ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ‘ਚ ਭਾਰਤੀ ਕਾਰੋਬਾਰੀਆਂ ਦੇ ਘਰ ‘ਤੇ ਹੋਈ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਯਤਨਾਂ ਦੀਆਂ ਘਟਨਾਵਾਂ ਇੱਕ-ਦੂਜੇ ਨਾਲ ਸਬੰਧਤ ਹੋਣ ਦੀ ਤਸਦੀਕ ਪੁਲਿਸ ਨੇ ਕਰ ਦਿੱਤੀ ਹੈ। ਪਹਿਲੀ ਵਾਰ RCMP ਨੇ ਬਿਆਨ ਦਿੱਤਾ ਹੈ ਕਿ ਐਬਟਸਫੋਰਡ ਪੁਲਿਸ ਨਾਲ ਤਾਲਮੇਲ ਤਹਿਤ ਪੜਤਾਲ ਕੀਤੀ ਜਾ ਰਹੀ ਹੈ।
ਇੱਕ ਕਾਰੋਬਾਰੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ ‘ਚ ਸੌ ਰਿਹਾ ਸੀ ਕਿ ਗੋਲੀਆਂ ਚੱਲ ਗਈਆਂ। ਗੋਲੀਬਾਰੀ ਕਰਨ ਵਾਲੇ ਕਈ ਵਾਰ ਧਮਕੀਆਂ ਦੇ ਚੁੱਕੇ ਹਨ ਕਿ ਜੇ ਰਕਮ ਨਾਂ ਦਿੱਤੀ ਤਾਂ ਉਸ ਨੂੰ ਖ਼ਤਮ ਕਰ ਦੇਣਗੇ। ਰਿਪੋਰਟਾਂ ਮੁਤਾਬਕ ਸਿਰਫ ਸਾਊਥ ਏਸ਼ੀਅਨ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਨਹੀਂ ਸਗੋਂ ਕਈ ਚੀਨੀ ਕਾਰੋਬਾਰੀਆਂ ਨੂੰ ਵੀ ਧਮਕੀ ਭਰੀਆਂ ਫੋਨ ਕਾਲਜ਼ ਜਾਂ ਚਿੱਠੀਆਂ ਮਿਲ ਚੁੱਕੀਆਂ ਹਨ। ਇਸ ਤੋਂ ਇਲਾਵਾ ਐਬਟਸਫੋਰਡ, ਲੈਂਗਲੀ ਅਤੇ ਸਰੀ ਦੇ 100 ਕਾਰੋਬਾਰੀਆਂ ਨੂੰ ਰਕਮ ਦੀ ਮੰਗ ਕਰਦੀਆਂ ਚਿੱਠੀਆਂ ਮਿਲਣ ਬਾਰੇ ਪਤਾ ਲੱਗਾ ਹੈ।
ਵਿੰਨੀਪੈਗ ਵਿਖੇ ਬੀਤੇ ਸਤੰਬਰ ਮਹੀਨੇ ਦੌਰਾਨ ਹੋਏ ਸੁਖਦੂਲ ਸਿੰਘ ਗਿੱਲ ਦੇ ਕਤਲ ‘ਚ ਵੀ ਇਸੇ ਗੈਂਗ ਦਾ ਹੱਥ ਸੀ। ਭਾਈਚਾਰੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਸਿੱਧੇ ਤੌਰ ‘ਤੇ ਇਸ ਮਾਮਲੇ ‘ਚ ਦਖਲ ਦੇਣ ਅਤੇ ਕੈਨੇਡੀਅਨ ਖੁਫੀਆ ਏਜੰਸੀ ਨੂੰ ਵੱਡੇ ਜ਼ਿੰਮੇਵਾਰੀ ਸੌਂਪੀ ਜਾਵੇ। ਇਸੇ ਦੌਰਾਨ ਬੀ.ਸੀ. ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਕ ਨੇ ਕਿਹਾ ਕਿ ਪੁਲਿਸ ਇਨ੍ਹਾਂ ਧਮਕੀਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਪੁਲਿਸ ਦੇ ਲਗਾਤਾਰ ਸੰਪਰਕ ਵਿਚ ਹੈ।