ਯੌਰਕ ਰੀਜਨਲ ਪੁਲਿਸ ਨੇ ਸੱਤ ਹਫਤੇ ਦੀ ਜਾਂਚ ਤੋਂ ਬਾਅਦ 56 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਚੋਰੀ ਦੀਆਂ 80 ਗੱਡੀਆਂ ਬਰਾਮਦ ਕੀਤੀਆਂ। ਇਨ੍ਹਾਂ ਗੱਡੀਆਂ ਦੀ ਕੀਮਤ 5 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਸ ਜਾਂਚ ਨੂੰ ਆਪਰੇਸ਼ਨ ਆਟੋਗਾਰਡ ਦਾ ਨਾਂ ਦਿੱਤਾ ਗਿਆ ਸੀ। ਇਸ ਦੀ ਸ਼ੁਰੂਆਤ ਸਤੰਬਰ ਵਿੱਚ ਹੋਈ ਤੇ ਇਸ ਦੌਰਾਨ ਦੱਖਣੀ ਯੌਰਕ ਰੀਜਨ ਨੂੰ ਨਿਸ਼ਾਨਾ ਬਣਾਇਆ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਉੱਤੇ 284 ਚਾਰਜਿਜ਼ ਲਾਏ ਗਏ।
ਪੁਲਿਸ ਨੂੰ ਇਨ੍ਹਾਂ ਲੋਕਾਂ ਕੋਲੋਂ ਕਾਰ ਚੋਰੀ ਕਰਨ ਵਾਲੀਆਂ ਡਿਵਾਈਸਿਜ਼ ਜਿਵੇਂ ਕਿ ਮੈਗਨੈਟਿਕ ਟਰੈਕਰਜ਼, ਵ੍ਹੀਕਲ ਰੀਪੋ੍ਰਗਰਾਮਜ਼, ਸਿਗਨਲ ਤੇ ਰੇਡੀਓ ਫਰੀਕੁਐਂਸੀ ਜੈਮਰ ਦੇ ਨਾਲ ਨਾਲ ਮਾਸਟਰ ਕੀਅ ਫੋਬਜ਼ ਵੀ ਮਿਲੇ। ਪੁਲਿਸ ਅਨੁਸਾਰ ਇਸ ਰੀਜਨ ਵਿੱਚ ਗੱਡੀਆਂ ਚੋਰੀ ਹੋਣ ਦੇ ਮਾਮਲੇ ਪਿਛਲੇ ਪੰਜ ਸਾਲਾਂ ਵਿੱਚ 200 ਫੀ ਸਦੀ ਵੱਧ ਗਏ ਹਨ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗੱਡੀਆਂ ਦੀ ਚੋਰੀ ਰੋਕਣ ਲਈ ਪੀਲ ਰੀਜਨ ਵਾਸਤੇ ਗ੍ਰਾਂਟ ਦਾ ਐਲਾਨ ਵੀ ਕੀਤਾ ਗਿਆ ਸੀ।