ਕੈਲੇਡਨ ਦੇ ਇਕ ਘਰ ‘ਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੌਰਾਨ ਜ਼ਖਮੀ ਹੋਣ ਅਤੇ ਕੁਝ ਦਿਨ ਬਾਅਦ ਹਸਪਤਾਲ ‘ਚ ਦਮ ਤੋੜਨ ਵਾਲੀ ਔਰਤ ਦੀ ਪਛਾਣ ਹਰਭਜਨ ਕੌਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਭਜਨ ਕੌਰ ਦੀ ਉਮਰ 55 ਸਾਲ ਸੀ ਅਤੇ ਇੱਕ ਹੋਰ ਔਰਤ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲੇ ਕਈ ਜਣੇ ਸਨ ਜਿਨ੍ਹਾਂ ਦੀ ਫਿਲਹਾਲ ਸ਼ਨਾਖਤ ਨਹੀ ਕੀਤੀ ਜਾ ਸਕੀ। ਇੱਥੇ ਦਸਣਾ ਬਣਦਾ ਹੈ ਕਿ 20 ਨਵੰਬਰ ਦੀ ਰਾਤ ਮੇਅਫੀਲਡ ਰੋਡ ‘ਤੇ ਇਕ ਵੱਡੇ ਘਰ ਵਿਚ ਹੋਈ ਗੋਲੀਬਾਰੀ ਮਗਰੋਂ 57 ਸਾਲ ਦੇ ਜਗਤਾਰ ਸਿੰਘ ਦੀ ਲਾਸ਼ ਮੌਕੇ ਤੋਂ ਬਰਾਮਦ ਕੀਤੀ ਗਈ ਸੀ। ਪਿਛਲੇ ਦਿਨੀ ਪੁਲਿਸ ਨੇ ਇਕ ਪਿਕਅੱਪ ਟਰੱਕ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਸ ਨੂੰ ਵਾਰਦਾਤ ਨਾਲ ਜੋੜ ਦਿਤਾ। ਤਸਵੀਰਾਂ ਵਿਚ ਕਾਲੇ ਰੰਗ ਦਾ ਪਿਕਅੱਪ ਟਰੱਕ ਮੇਅਫੀਲਡ ਰੋਡ ‘ਤੇ ਪੱਛਮ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਉਹੀ ਟਰੱਕ ਹੈ ਜੋ ਬਾਅਦ ਵਿੱਚ ਓਲਡ ਬੇਸਲਾਈਨ ਅਤੇ ਕ੍ਰੈਡਿਟਵਿਊ ਰੋਡਜ਼ ਨੇੜ੍ਹੇ ਸੜਦਾ ਹੋਇਆ ਮਿਲਿਆ।
ਪੁਲਿਸ ਵੱਲੋਂ ਗੋਲੀਬਾਰੀ ਦਾ ਸ਼ਿਕਾਰ ਬਣੇ ਪਰਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਡਿਟੈਕਟਿਵ ਇੰਸਪੈਕਟਰ ਬਰਾਇਨ ਮੈਕਡਰਮਟ ਨੇ ਦੱਸਿਆ ਕਿ ਪੜਤਾਲ ਨੂੰ ਅੱਗੇ ਵਧਾਉਂਦਿਆਂ ਇਹ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਸਬੰਧਤ ਪਿਕਅੱਪ ਟਰੱਕ ਕਿੱਥੇ-ਕਿੱਥੇ ਨਜ਼ਰ ਆਇਆ ਅਤੇ ਕਿਸ ਕਿਸ ਦੇ ਸੰਪਰਕ ਵਿਚ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਸਬੰਧਤ ਇਲਾਕੇ ਵਿੱਚ ਮੌਜੂਦ ਕਿਸੇ ਵਿਅਕਤੀ ਕੋਲ 20 ਨਵੰਬਰ ਨੂੰ ਰਾਤ 11 ਵਜੇ ਤੋਂ ਦੇਰ ਰਾਤ 12.30 ਵਜੇ ਤੱਕ ਦੀ ਡੈਸ਼ਕੈਮ ਵੀਡੀਓ ਮੌਜੂਦ ਹੈ ਤਾਂ ਉਹ ਤੁਰੰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।