ਟੋਕੀਓ ਦੇ ਹਾਨੇਡਾ ਏਅਰਪੋਰਟ ‘ਤੇ ਜਾਪਾਨੀ ਕੋਸਟ ਗਾਰਡ ਜਹਾਜ਼ ਅਤੇ ਇੱਕ ਯਾਤਰੀ ਜਹਾਜ਼ ਵਿਚਕਾਰ ਟੱਕਰ ਹੋਣ ਤੋਂ ਬਾਅਦ ਜਹਾਜ਼ਾਂ ਵਿਚ ਅੱਗ ਲੱਗ ਗਈ ਜਿਸ ਕਾਰਨ 5 ਲੋਕ ਹਲਾਕ ਹੋ ਗਏ। ਜਾਪਾਨ ਦੇ ਟ੍ਰਾਂਸਪੋਰਟ ਮੰਤਰੀ ਟੈਟਸੁਓ ਸਾਇਤੋ ਨੇ ਪੁਸ਼ਟੀ ਕੀਤੀ ਕਿ ਜਾਪਾਨ ਏਅਰਲਾਈਨਜ਼ ਦੀ ਫ਼ਲਾਈਟ 516 ਵਿਚ ਸਵਾਰ ਸਾਰੇ 379 ਯਾਤਰੀਆਂ ਨੂੰ ਜਹਾਜ਼ ਦੇ ਪੂਰੀ ਤਰ੍ਹਾਂ ਅੱਗ ਵਿਚ ਘਿਰਨ ਤੋਂ ਪਹਿਲਾਂ ਬਾਹਰ ਸੁਰੱਖਿਅਤ ਕੱਢ ਲਿਆ ਗਿਆ। ਸਾਇਤੋ ਨੇ ਦੱਸਿਆ ਕਿ ਕੋਸਟ ਗਾਰਡ ਦੇ ਜਹਾਜ਼ ਦਾ ਪਾਇਲਟ ਬਚ ਗਿਆ ਪਰ ਉਸ ਵਿਚ ਸਵਾਰ 5 ਕ੍ਰੂ ਮੈਂਬਰਜ਼ ਦੀ ਮੌਤ ਹੋ ਗਈ।
ਜਾਪਾਨ ਦੇ ਕੌਮੀ ਮੀਡੀਆ NHK ਨੇ ਟੋਕੀਓ ਫ਼ਾਇਰ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਯਾਤਰੀ ਜਹਾਜ਼ ਵਿਚੋਂ ਕੱਢੇ ਗਏ ਲੋਕਾਂ ਚੋਂ 17 ਜਣੇ ਜ਼ਖ਼ਮੀ ਹਨ। ਜਾਪਾਨ ਏਅਰਲਾਈਨਜ਼ ਦਾ ਜਹਾਜ਼ ਏਅਰਬੱਸ 350 ਸਪੋਰੋ ਸ਼ਹਿਰ ਨਜ਼ਦੀਕ ਸ਼ਿਨ ਚਿਟੋਜ਼ ਏਅਰਪੋਰਟ ਤੋਂ ਹਾਨੇਡਾ ਵੱਲ ਉੱਡਿਆ ਸੀ। ਜਦੋਂ ਜਹਾਜ਼ ਲੈਂਡ ਕਰਨ ਲੱਗਾ ਤਾਂ ਇਹ ਰਨਵੇਅ ਉੱਪਰ ਜਾਪਾਨੀ ਕੋਸਟ ਗਾਰਡ ਦੇ ਬੰਬਾਰਡੀਅਰ ਡੈਸ਼-8 ਜਹਾਜ਼ ਨਾਲ ਟਕਰਾ ਗਿਆ।
ਅਧਿਕਾਰੀਆਂ ਮੁਤਾਬਕ ਜਹਾਜ਼ ਦੇ ਲੈਂਡ ਹੋਣ ਤੋਂ ਪਹਿਲਾਂ ਇੰਜਨ ਜਾਂ ਕਿਸੇ ਹੋਰ ਖ਼ਰਾਬੀ ਦੀ ਕੋਈ ਰਿਪੋਰਟ ਨਹੀਂ ਸੀ। ਹਾਨੇਡਾ ਏਅਰਪੋਰਟ ‘ਤੇ ਮੌਜੂਦ ਇਸ ਕੋਸਟ ਗਾਰਡ ਦੇ ਜਹਾਜ਼ ਨੇ ਨਿਗਾਤਾ ਵਿਚ ਭੂਚਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਰਵਾਨਾ ਹੋਣਾ ਸੀ। ਸਾਇਤੋ ਨੇ ਕਿਹਾ ਕਿ ਹਨੇਡਾ ਏਅਰਪੋਰਟ ਇਸ ਸਮੇਂ ਬੰਦ ਹੈ ਅਤੇ ਹਵਾਬਾਜ਼ੀ ਸੁਰੱਖਿਆ ਜਾਂਚਕਰਤਾਵਾਂ ਅਤੇ ਪੁਲਿਸ ਦੁਆਰਾ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।