ਮੁੰਬਈ- ਸਲਮਾਨ ਖ਼ਾਨ ਨੂੰ ਸਾਲ 2023 ’ਚ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਦਾਕਾਰ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ’ਚ ਭਾਈਜਾਨ ਦੇ ਨਾਲ 1 ਜਾਂ 2 ਕਮਾਂਡੋ ਤੇ 2 ਪੀ. ਐੱਸ. ਓ. ਮੌਜੂਦ ਹਨ।
ਹੁਣ ਅਦਾਕਾਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਨਵੇਲ ਸਥਿਤ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਦੋ ਲੋਕਾਂ ਨੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਅਕਤੀਆਂ ਨੇ ਤਾਰ ਤੋੜ ਕੇ ਫਾਰਮ ਹਾਊਸ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ।
ਘਟਨਾ ਵੀਰਵਾਰ ਯਾਨੀ 4 ਜਨਵਰੀ ਸ਼ਾਮ 4 ਵਜੇ ਦੀ ਹੈ। ਟਾਈਮਜ਼ ਆਫ ਇੰਡੀਆ ’ਚ ਛਪੀ ਰਿਪੋਰਟ ਮੁਤਾਬਕ ਪਨਵੇਲ ਤਾਲੁਕਾ ਪੁਲਸ ਨੇ ਪਨਵੇਲ ’ਚ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ’ਤੇ ਦੋ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਸਲਮਾਨ ਖ਼ਾਨ ਦੇ ਫਾਰਮ ਹਾਊਸ ਦਾ ਨਾਂ ਉਨ੍ਹਾਂ ਦੀ ਭੈਣ ਦੇ ਨਾਂ ’ਤੇ ‘ਅਰਪਿਤਾ’ ਹੈ ਤੇ ਇਹ ਪਨਵੇਲ ਦੇ ਵਾਜੇ ਪਿੰਡ ’ਚ ਸਥਿਤ ਹੈ।
ਮੁਲਜ਼ਮਾਂ ਦੀ ਪਛਾਣ ਅਜੇਸ਼ ਕੁਮਾਰ ਗਿਲਾ ਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ। ਇਹ ਕਥਿਤ ਤੌਰ ’ਤੇ ਪੰਜਾਬ ਦੇ ਫਾਜ਼ਿਲਕਾ ਜ਼ਿਲੇ ਦੇ ਵਸਨੀਕ ਹਨ। ਫਾਰਮ ਹਾਊਸ ਦੇ ਸੁਰੱਖਿਆ ਗਾਰਡ ਮੁਹੰਮਦ ਹੁਸੈਨ ਨੇ ਦੋਵਾਂ ਨੂੰ ਫੜ ਲਿਆ ਸੀ ਤੇ ਉਨ੍ਹਾਂ ਨੇ ਗਾਰਡ ਨੂੰ ਗਲਤ ਨਾਂ ਦਿੱਤੇ ਸਨ। ਦੋਵਾਂ ਕੋਲੋਂ ਫਰਜ਼ੀ ਆਧਾਰ ਕਾਰਡ ਵੀ ਮਿਲੇ ਹਨ।
ਪੁਲਸ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਦੋਵਾਂ ਵਿਅਕਤੀਆਂ ਨੇ ਖ਼ੁਦ ਨੂੰ ਸਲਮਾਨ ਖ਼ਾਨ ਦਾ ਪ੍ਰਸ਼ੰਸਕ ਦੱਸਿਆ ਹੈ। ਇਸ ਘਟਨਾ ਤੋਂ ਬਾਅਦ ਪਨਵੇਲ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੈ। ਹਾਲਾਂਕਿ ਇਸ ਘਟਨਾ ਨੂੰ ਲੈ ਕੇ ਸਲਮਾਨ ਖ਼ਾਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਹਾਲਾਂਕਿ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਸਾਲ 2023 ’ਚ ਪਹਿਲੀ ਵਾਰ ਲਾਰੈਂਸ ਬਿਸ਼ਨੋਈ ਨੇ ਇਕ ਮੀਡੀਆ ਇੰਟਰਵਿਊ ’ਚ ਸਲਮਾਨ ਖ਼ਾਨ ਨੂੰ ਖੁੱਲ੍ਹੇਆਮ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ।