ਅਮਰੀਕਾ ਦੇ ਕੁਨੈਕਟੀਕਟ ਸੂਬੇ ਦੇ ਹਾਰਟਫੋਰਡ ਸ਼ਹਿਰ ’ਚ ਸ਼ੱਕੀ ਹਾਲਾਤ ’ਚ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਅਪਾਰਟਮੈਂਟ ਦੇ ਕਮਰੇ ’ਚ ਮਿਲੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ 28 ਦਸੰਬਰ ਨੂੰ ਹੀ ਉੱਚ ਸਿੱਖਿਆ ਲਈ ਅਮਰੀਕਾ ਆਏ ਸਨ। ਦੋਵਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ।
ਹਾਸਿਲ ਜਾਣਕਾਰੀ ਅਨੁਸਾਰ ਭਾਰਤ ਦੇ ਤੇਲੰਗਾਨਾ ਦੇ ਵਾਨਾਪਰਥੀ ਵਾਸੀ ਜੀ ਦਿਨੇਸ਼ (22) ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਵਾਸੀ ਨਿਕੇਸ਼ (21) ਦੇ ਨਜ਼ਦੀਕ ਹੀ ਰਹਿਣ ਵਾਲੇ ਦਿਨੇਸ਼ ਦੇ ਦੋਸਤ ਨੇ ਫੋਨ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇੱਤਫ਼ਾਕ ਨਾਲ ਦਿਨੇਸ਼ ਤੇ ਨਿਕੇਸ਼ ਖ਼ਾਸ ਦੋਸਤ ਸਨ ਤੇ ਅਮਰੀਕਾ ਜਾਣ ਤੋਂ ਬਾਅਦ ਇਕ ਹੀ ਕਮਰੇ ’ਚ ਰਹਿ ਰਹੇ ਸਨ।