ਬਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਫੈਡਰਲ ਸਰਕਾਰ ਨੂੰ ਚਿੱਠੀਆਂ ਲਿਖ ਕੇ ਦੱਖਣੀ ਏਸ਼ੀਆਈ ਬਿਜ਼ਨਸ ਭਾਈਚਾਰੇ ਤੋਂ ਫਿਰੌਤੀਆਂ ਵਸੂਲਣ ਦੇ ਮਾਮਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਸਰਕਾਰ ਤੋਂ ਇਸ ਮਾਮਲੇ ਵਿਚ ਦਖਲ ਮੰਗਿਆ ਹੈ। ਪਬਲਿਕ ਸੇਫਟੀ ਮੰਤਰੀ ਡੋਮੀਨਿਕ ਲੀ ਬਲੈਂਕ ਨੂੰ ਲਿਖੇ ਪੱਤਰ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਰੀ ਮੇਅਰ ਬਰੈਂਡਾ ਲੋਕੇ ਨੇ ਫਿਰੌਤੀਆਂ ਤੇ ਸ਼ੂਟਿੰਗ ਸਮੇਤ ਹਿੰਸਕ ਕਾਰਵਾਈਆਂ ’ਤੇ ’ਡੂੰਘੀ ਚਿੰਤਾ’ ਜ਼ਾਹਰ ਕੀਤੀ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਗੰਭੀਰ ਤੇ ਚਿੰਤਾਜਨਕ ਮਾਮਲਾ ਹੈ ਕਿ ਦੱਖਣੀ ਏਸ਼ੀਆਈ ਬਿਜ਼ਨਸ ਭਾਈਚਾਰੇ ਦੇ ਮੈਂਬਰਾਂ ਨੂੰ ਫਿਰੌਤੀਆਂ ਵਸੂਲਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। RCMP ਅਤੇ ਸਥਾਨਕ ਪੁਲਿਸ ਵਿਭਾਗਾਂ ਜਿਹਨਾਂ ਵਿਚ ਪੀਲ ਰੀਜਨਲ ਪੁਲਿਸ ਵੀ ਸ਼ਾਮਲ ਹੈ, ਨੇ ਮੰਨਿਆ ਹੈ ਕਿ ਹਾਲਾਤ ਗੰਭੀਰ ਹਨ।
ਪੀਲ ਪੁਲਿਸ ਨੇ ਹਾਲ ਹੀ ਵਿਚ ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਦੇ ਨਾਂ ’ਤੇ ਇਕ ਡੈਡੀਕੇਟਡ ਟਾਸਕ ਫੋਰਸ ਗਠਿਤ ਕੀਤੀ ਹੈ ਜੋ ਫਿਰੌਤੀਆਂ ਵਸੂਲਣ ਦੇ 16 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਰਿਪੋਰਟ ਮੁਤਾਬਕ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਹਿੰਸਾ ਦੇ ਨਾਂ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ।