ਐਡਮੰਟਨ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਐਡਮੰਟਨ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਬਿਲਡਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਪਿੱਛੇ ਭਾਰਤ ਦਾ ਇੱਕ ਅਪਰਾਧਿਕ ਨੈੱਟਵਰਕ ਸ਼ਾਮਲ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਡਮੰਟਨ ਦੇ 27 ਮਾਮਲਿਆਂ, ਜਿਸ ਵਿਚ 5 ਜਬਰਨ ਵਸੂਲੀ, 15 ਅੱਗਜ਼ਨੀ ਅਤੇ 7 ਹਥਿਆਰ ਸਬੰਧੀ ਅਪਰਾਧਾਂ ਦੇ ਮਾਮਲੇ ਸ਼ਾਮਲ ਹਨ, ਭਾਰਤ ਤੋਂ ਨਿਰਦੇਸ਼ਿਤ ਸਨ ਅਤੇ ਐਡਮੰਟਨ ਰਹਿੰਦੇ ਸ਼ੱਕੀਆਂ ਵੱਲੋਂ ਅੰਜਾਮ ਦਿੱਤੇ ਗਏ ਸਨ।
ਇਹਨਾਂ ਫ਼ਿਰੌਤੀਆਂ ਅਤੇ ਜਬਰਨ ਵਸੂਲੀ ਦੇ ਸਬੰਧ ਵਿਚ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ, ਪਰ ਐਡਮੰਟਨ ਪੁਲਿਸ ਸਰਵਿਸ ਦੇ ਸਟਾਫ ਸਾਰਜੈਂਟ ਡੇਵ ਪੈਟਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਇਨ੍ਹਾਂ ਸ਼ੱਕੀਆਂ ਵਿੱਚੋਂ ਇੱਕ ਦੇਸ਼ ਛੱਡ ਕੇ ਭੱਜ ਗਿਆ ਹੈ। ਪੈਟਨ ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ, ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਵ੍ਹਾਟਸਐਪ ‘ਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਵ੍ਹਾਟਸਐਪ ਰਾਹੀਂ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਸੁਰੱਖਿਅਤ ਰਹਿਣ ਦੇ ਬਦਲੇ ਪੈਦਿਆਂ ਦੀ ਮੰਗ ਕੀਤੀ ਜਾਂਦੀ ਹੈ।
ਪੈਟਨ ਨੇ ਕਿਹਾ ਕਿ ਫ਼ਿਰੌਤੀ ਵਿਚ ਵੱਡੀ ਰਕਮ ਮੰਗੀ ਜਾਂਦੀ ਹੈ, ਪਰ ਇਹ ਰਕਮ ਕਿੰਨੀ ਕੁ ਹੁੰਦੀ ਹੈ, ਇਸ ਬਾਰੇ ਜਾਣਕਾਰੀ ਨ੍ਹੀਂ ਦਿੱਤੀ ਗਈ। ਫ਼ਿਰੌਤੀ ਦੀਆਂ ਕੋਸ਼ਿਸ਼ਾਂ ਦੇ ਬਹੁਤ ਸਾਰੇ ਪੀੜਤ ਹੋਮ ਬਿਲਡਰ ਹਨ, ਪਰ ਪੈਟਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿੰਨੇ ਲੋਕਾਂ ਜਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਪੀੜਤ ਲੋਕਲ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਹਨ। ਪੈਟਨ ਨੇ ਕਿਹਾ ਕਿ ਨਿਸ਼ਾਨਾ ਬਣਾਏ ਗਏ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਹਨ।
ਐਡਮੰਟਨ ਪੁਲਿਸ, ਜਾਂਚ ਲਈ ਦੇਸ਼ ਭਰ ਦੀਆਂ ਕਈ ਪੁਲਿਸ ਏਜੰਸੀਆਂ ਨਾਲ ਸਹਿਯੋਗ ਕਰ ਰਹੀ ਹੈ, ਪਰ ਪੈਟਨ ਨੇ ਕਿਹਾ ਕਿ ਜਾਂਚਕਰਤਾ ਇਹ ਨਹੀਂ ਮੰਨਦੇ ਕਿ ਓਨਟੇਰਿਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਵਾਪਰੀਆਂ ਇਸੇ ਤਰ੍ਹਾਂ ਦੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਅਤੇ ਐਡਮੰਟਨ ਦੀਆਂ ਘਟਨਾਵਾਂ ਵਿਚ ਸਿੱਧਾ ਸਬੰਧ ਹੈ। ਪਿਛਲੇ ਮਹੀਨੇ, ਪੀਲ ਰੀਜਨਲ ਪੁਲਿਸ, ਜਿਸ ਦੇ ਅਧਿਕਾਰ ਖੇਤਰ ਵਿੱਚ ਬ੍ਰੈਂਪਟਨ ਸ਼ਾਮਲ ਹੈ, ਨੇ ਕਿਹਾ ਸੀ ਕਿ ਉਹਨਾਂ ਨੇ ਜਬਰੀ ਵਸੂਲੀ ਦੀਆਂ ਧਮਕੀਆਂ ਜਿਸ ਵਿਚ ਮੁੱਖ ਤੌਰ ‘ਤੇ ਸਾਊਥ ਏਸ਼ੀਅਨ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਦੇ ਪ੍ਰੇਸ਼ਾਨਕੁਨ ਰੁਝਾਨ ਦੀ ਜਾਂਚ ਕਰਨ ਲਈ ਇੱਕ ਟਾਸਕ ਫੋਰਸ ਸ਼ੁਰੂ ਕੀਤੀ ਹੈ।
ਫ਼ਿਰੌਤੀਆਂ ਨਾਲ ਸਬੰਧਤ ਤਾਜ਼ਾ ਘਟਨਾਵਾਂ ਵਿੱਚ ਮੰਗਲਵਾਰ ਨੂੰ ਬੂਮੌਂਟ ਵਿੱਚ ਇੱਕ ਘਰ ਵਿੱਚ ਅੱਗਜ਼ਨੀ ਅਤੇ 10 ਜਨਵਰੀ ਨੂੰ ਨੌਰਥ ਈਸਟ ਐਡਮੰਟਨ ਵਿੱਚ ਪੈਂਦੇ ਸਾਈ ਬੈਕਰ ਇਲਾਕੇ ਵਿੱਚ ਇੱਕ ਘਰ ‘ਤੇ ਹੋਈ ਗੋਲੀਬਾਰੀ ਸ਼ਾਮਲ ਹੈ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ, ਪਰ ਅੱਗਜ਼ਨੀ ਦੀ ਘਟਨਾ ਵਿਚ ਇੱਕ ਫ਼ਾਇਰਫ਼ਾਈਟਰ ਜ਼ਖਮੀ ਹੋਇਆ ਸੀ। ਐਡਮੰਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਨੂੰ ਫ਼ਿਰੌਤੀ ਦੀ ਧਮਕੀ ਮਿਲੀ ਹੈ, ਜਾਂ ਕਿਸੇ ਨੇ ਰਕਮ ਵੀ ਦੇ ਦਿੱਤੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
(ਸੀਬੀਸੀ ਨਿਊਜ਼)