ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਫ਼ਲਸਤੀਨ ਨੂੰ ਦੇਸ਼ ਦਾ ਰੁਤਬਾ ਦੇਣ ਦਾ ਵਿਚਾਰ ਰੱਦ ਕਰਨ ਦੀ ਟਿੱਪਣੀ ਪ੍ਰਤੀ ਅਸਹਿਮਤੀ ਪ੍ਰਟਾਉਂਦਿਆਂ ਦੋ-ਮੁਲਕੀ ਹੱਲ ਦੀ ਮੰਗ ਦੁਹਰਾਈ ਹੈ। ਨੇਤਨਯਾਹੂ ਨੇ ਹਾਲ ਹੀ ਵਿਚ ਇੱਕ ਨਿਊਜ਼ ਕਾਨਫ਼੍ਰੰਸ ਵਿਚ ਕਿਹਾ ਕਿ ਦੋ-ਮੁਲਕੀ ਹੱਲ ਹੁਣ ਖ਼ਤਮ ਹੋ ਚੁੱਕਾ ਹੈ।
ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਨੇਤਨਯਾਹੂ ਨਾਲ ਇਸੇ ਮੁੱਦੇ ‘ਤੇ ਤਫ਼ਸੀਲੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਕੈਨੇਡਾ ਦਾ ਪੱਖ ਸਪੱਸ਼ਟ ਹੈ। ਸਾਡਾ ਮੰਨਣਾ ਹੈ ਕਿ ਖੇਤਰ ਲਈ ਅੱਗੇ ਵਧਣ ਦਾ ਇੱਕੋ-ਇੱਕ ਰਸਤਾ, ਅਸਲ ਵਿੱਚ ਇੱਕ ਸੁਰੱਖਿਅਤ ਇਜ਼ਰਾਈਲ ਲਈ ਅੱਗੇ ਵਧਣ ਦਾ ਇੱਕੋ ਇੱਕ ਰਸਤਾ, ਇੱਕ ਫ਼ਲਸਤੀਨੀ ਦੇਸ਼ ਦਾ ਹੋਣਾ ਹੈ ਜੋ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਨਾਲ ਸੁਰੱਖਿਅਤ ਹੋਵੇ। ਅਸੀਂ ਦੋ-ਮੁਲਕੀ ਹੱਲ ਵਿੱਚ ਵਿਸ਼ਵਾਸ ਰੱਖਦੇ ਹਾਂ।
ਨੇਤਨਯਾਹੂ ਵੱਲੋਂ ਵੀਰਵਾਰ ਨੂੰ ਦਿੱਤੇ ਬਿਆਨ ਇਜ਼ਰਾਈਲ ਦੇ ਸਭ ਤੋਂ ਕਰੀਬੀ ਭਾਈਵਾਲ ਅਮਰੀਕਾ ਨਾਲ ਵੀ ਸੰਭਾਵੀ ਕਸ਼ੀਦਗੀ ਪੈਦਾ ਕਰ ਸਕਦੇ ਹਨ। ਅਮਰੀਕਾ ਪਿਛਲੇ ਕੁਝ ਹਫ਼ਤਿਆਂ ਤੋਂ ਨੇਤਨਯਾਹੂ ਸਰਕਾਰ ਨੂੰ ਗਾਜ਼ਾ ਯੁੱਧ ਤੋਂ ਬਾਅਦ ਦੇ ਇੱਕ ਪਲਾਨ ਲਈ ਵਚਨਬੱਧ ਹੋਣ ਦਾ ਦਬਾਅ ਬਣਾ ਰਿਹਾ ਹੈ, ਜਿਸ ਵਿਚ ਇੱਕ ਸੁਤੰਤਰ ਫ਼ਲਸਤੀਨ ਰਾਜ ਦਾ ਰੋਡਮੈਪ ਵੀ ਸ਼ਾਮਲ ਹੈ।ਇਜ਼ਰਾਈਲ ਦੇ ਰਾਜਦੂਤ ਇਡੋ ਮੋਏਡ ਨੇ ਨੇਤਨਯਾਹੂ ਦੀਆਂ ਟਿੱਪਣੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਜ਼ਰਾਈਲ ਦਾ ਫ਼ੋਕਸ ਇਸ ਸਮੇਂ ਜੰਗ ਨੂੰ ਜਿੱਤਣ ‘ਤੇ ਹੈ, ਨਾ ਕਿ ਜੰਗ ਤੋਂ ਬਾਅਦ ਦੀਆਂ ਵਿਵਸਥਾਵਾਂ ‘ਤੇ।