1 ਫ਼ਰਵਰੀ ਨੂੰ ਸਾਊਥ ਸਰੀ ਵਿਚ ਰਹਿੰਦੇ ਇੱਕ ਸਿੱਖ ਕਾਰਕੁਨ ਦੇ ਘਰ ‘ਤੇ ਗੋਲੀਆਂ ਵਰ੍ਹਾਉਣ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 1 ਫ਼ਰਵਰੀ ਦੀ ਇਸ ਘਟਨਾ ਤੋਂ ਬਾਅਦ ਬੀਸੀ ਗੁਰਦੁਆਰਾਜ਼ ਕੌਂਸਲ ਦੇ ਬੁਲਾਰੇ ਨੇ ਦੱਸਿਆ ਸੀ ਕਿ ਇਹ ਘਰ ਸਿਮਰਨਜੀਤ ਸਿੰਘ ਨਾਂ ਦੇ ਵਿਅਕਤੀ ਦਾ ਹੈ ਜੋ ਕਿ ਖ਼ਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਦੋਸਤ ਸੀ।
ਵੀਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿਚ ਸਰੀ ਆਰਸੀਐਮਪੀ ਨੇ ਦੱਸਿਆ ਕਿ ਮਾਮਲੇ ‘ਤੇ ਕਾਰਵਾਈ ਕਰਦਿਆਂ 6 ਫ਼ਰਵਰੀ ਨੂੰ ਪੁਲਿਸ ਨੇ 140 ਸਟ੍ਰੀਟ ਦੇ 7700 ਬਲੌਕ ਚ ਪੈਂਦੇ ਇੱਕ ਘਰ ਵਿਚ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਪੁਲਿਸ ਨੂੰ ਘਰ ਚੋਂ ਤਿੰਨ ਹਥਿਆਰ ਅਤੇ ਕਈ ਇਲੈਕਟ੍ਰੌਨਿਕ ਡਿਵਾਈਸਾਂ ਬਰਾਮਦ ਹੋਈਆਂ।
ਸਰੀ ਦੇ ਰਹਿਣ ਵਾਲੇ 16-16 ਸਾਲ ਦੇ ਦੋ ਮੁੰਡਿਆਂ ਨੂੰ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਰਿਲੀਜ਼ ਅਨੁਸਾਰ ਇਸ ਸਮੇਂ ਨੌਜਵਾਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ।
ਇਸ ਗੋਲੀਬਾਰੀ ਦੀ ਘਟਨਾ ਦੇ ਕਾਰਨਾਂ ਅਤੇ ਇਸ ਬਾਬਤ ਹੋਰ ਸਬੂਤ ਇਕੱਠੇ ਕਰਨ ਲਈ ਪੁਲਿਸ ਦੀ ਜਾਂਚ ਜਾਰੀ ਹੈ।