ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਆਂ ਅਨੁਸਾਰ ਜਨਵਰੀ ਦੌਰਾਨ ਕੈਨੇਡਾ ‘ਚ 37,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਦੇਸ਼ ਦੀ ਬੇਰੁਜ਼ਗਾਰੀ ਦਰ ਵੀ ਘਟਕੇ 5.7% ਦਰਜ ਕੀਤੀ ਗਈ। ਰੁਜ਼ਗਾਰ ਦਰ ਵਿਚ ਤਿੰਨ ਮਹੀਨਿਆਂ ਤੱਕ ਲਗਾਤਾਰ ਖੜੋਤ ਤੋਂ ਬਾਅਦ, ਜਨਵਰੀ ਦੇ ਅੰਕੜੇ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਬਿਹਤਰ ਰਹੇ, ਹਾਲਾਂਕਿ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਦਰਜ ਹੋਈਆਂ। ਦੂਸਰੇ ਪਾਸੇ 12,000 ਫੁਲ ਟਾਈਮ ਨੌਕਰੀਆਂ ਖ਼ਤਮ ਵੀ ਹੋਈਆਂ।
ਪਿਛਲੇ ਇੱਕ ਸਾਲ ਦੀ ਤੁਲਨਾ ਵਿਚ ਵਰਕਰਾਂ ਦੀ ਵੇਜ ਵਿਚ 5.3% ਦਾ ਵਾਧਾ ਵੀ ਦਰਜ ਹੋਇਆ। ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ, ਐਂਡਰੂ ਗ੍ਰੈਂਥਮ ਦਾ ਕਹਿਣਾ ਹੈ ਕਿ ਨਵੇਂ ਅੰਕੜੇ ਸੁਝਾਅ ਦਿੰਦੇ ਹਨ ਕਿ ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਘਟਾਉਣ ਵਿਚ ਬਹੁਤੀ ਤੇਜ਼ੀ ਨਹੀਂ ਦਿਖਾਵੇਗਾ, ਅਤੇ ਉਨ੍ਹਾਂ ਨੇ ਜੂਨ ਮਹੀਨੇ ਵਿਚ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਜਤਾਈ।