ਬੀਤੇ ਦਿਨੀ ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਫਿਰੌਤੀ ਲਈ ਧਮਕੀ ਭਰੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਲਈ ਕੈਨੇਡੀਅਨ ਪੁਲਸ ਨੇ ਰਾਸ਼ਟਰੀ ਪੱਧਰ ਦੀ ਟੀਮ ਬਣਾਈ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੀ ਨੈਸ਼ਨਲ ਕੋਆਰਡੀਨੇਸ਼ਨ ਅਤੇ ਸਪੋਰਟ ਟੀਮ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਅਲਬਰਟਾ ਰਾਜਾਂ ਦੀ ਪੁਲਸ ਨਾਲ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਲਈ ਕੰਮ ਕਰ ਰਹੀ ਹੈ। ਇਕੱਲੇ ਇਨ੍ਹਾਂ ਤਿੰਨਾਂ ਰਾਜਾਂ ਵਿਚ ਹੀ ਭਾਰਤੀ ਅਤੇ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਅਤੇ ਕਾਰੋਬਾਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਣ ਦੀਆਂ ਖ਼ਬਰਾਂ ਆਈਆਂ ਸਨ।
ਪੁਲਸ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਜਾਂਚ ਟੀਮ ਧਮਕੀ ਭਰੀ ਫਿਰੌਤੀ ਦੀ ਕਾਲ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੰਗਠਿਤ ਅਪਰਾਧ ਨਾਲ ਸਬੰਧਤ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ‘ਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਫਿਰੌਤੀ ਦੀ ਧਮਕੀ ਭਰੀ ਕਾਲ ਆਈ ਸੀ। ਇਸ ਸਬੰਧੀ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।
ਭਾਰਤੀ ਮੂਲ ਦੇ ਕੁਝ ਲੋਕਾਂ ਦੇ ਘਰਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ। ਅਪਰਾਧੀਆਂ ਨੇ ਫੋਨ ਕਰਕੇ ਸੁਰੱਖਿਆ ਦੇ ਬਦਲੇ ਲੋਕਾਂ ਤੋਂ 20 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ। ਪਿਛਲੇ ਸਾਲ ਨਵੰਬਰ ਵਿੱਚ ਕੈਨੇਡੀਅਨ ਪੁਲਸ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਘਟਨਾਵਾਂ ਪਿੱਛੇ ਇੱਕ ਭਾਰਤੀ ਅਪਰਾਧੀ ਗਿਰੋਹ ਦਾ ਹੱਥ ਹੈ, ਜੋ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।