ਹਵਾਈ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਕਰਕੇ ਬੀਸੀ ਦੇ ਇੱਕ 18 ਸਾਲਾ ਨੌਜਵਾਨ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।ਸ਼ੁੱਕਰਵਾਰ ਨੂੰ ਵੈਨਕੂਵਰ ਤੋਂ ਟੋਰੌਂਟੋ ਜਾ ਰਹੀ ਵੈਸਟਜੈੱਟ ਦੀ ਫ਼ਲਾਈਟ 710 ਨੂੰ ਵਿਨੀਪੈਗ ਦੇ ਰਿਚਰਡਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰਨਾ ਪਿਆ।
ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਸ਼ਾਮੀਂ 4 ਵਜੇ ਜਹਾਜ਼ ਦੇ ਵਿਨੀਪੈਗ ਉਤਰਨ ਤੋਂ ਅੱਧਾ ਘੰਟਾ ਪਹਿਲਾਂ RCMP ਮੈਨੀਟੋਬਾ ਨੂੰ ਇੱਕ ਬੇਕਾਬੂ ਯਾਤਰੀ ਦੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਦੀ ਰਿਪੋਰਟ ਮਿਲੀ ਸੀ।
ਜਹਾਜ਼ ਦੇ ਕ੍ਰੂ ਅਤੇ ਹੋਰ ਯਾਤਰੀਆਂ ਨੇ ਇਸ ਵਿਅਕਤੀ ‘ਤੇ ਕਾਬੂ ਪਾਇਆ ਅਤੇ ਵਿਨੀਪੈਗ ਲੈਂਡ ਹੋਣ ਤੱਕ ਉਸਨੂੰ ਫੜ ਕੇ ਰੱਖਿਆ। ਜਹਾਜ਼ ਲੈਂਡ ਹੋਣ ‘ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਕਿਹਾ ਕਿ ਵਿਅਕਤੀ ‘ਤੇ ਏਅਰੋਨੌਟਿਕਸ ਐਕਟ ਦੇ ਤਹਿਤ ਜਹਾਜ਼ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ 23 ਮਈ ਨੂੰ ਵਿਨੀਪੈਗ ਦੀ ਅਦਾਲਤ ਵਿਚ ਪੇਸ਼ ਹੋਵੇਗਾ।