ਕੈਨੇਡਾ, ਜੋ ਕਿ ਕਈ ਸਾਲਾਂ ਤੋਂ ਭਾਰਤੀਆਂ ਦਾ ਪਸੰਦੀਦਾ ਸਥਾਨ ਰਿਹਾ ਹੈ, ਹੁਣ ਇੱਕ ਨਵੀਂ ਹਕੀਕਤ ਦਾ ਸਾਹਮਣਾ ਕਰ ਰਿਹਾ ਹੈ। ਬੇਹੱਦ ਸਾਰੇ ਭਾਰਤੀ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੈਨੇਡਾ ਦੀ ਧਰਤੀ ਤੇ ਪਹੁੰਚ ਰਹੇ ਸਨ, ਪਰ ਹੁਣ ਉਨ੍ਹਾਂ ਲਈ ਹਾਲਾਤ ਬੇਹੱਦ ਮੁਸ਼ਕਲ ਹੋ ਚੁੱਕੇ ਹਨ। ਜਾਇਦਾਦ ਦੀਆਂ ਉੱਚੀਆਂ ਕੀਮਤਾਂ, ਨੌਕਰੀਆਂ ਦੀ ਘਾਟ ਅਤੇ ਵਧਦੇ ਅਪਰਾਧਾਂ ਦੇ ਕਾਰਨ ਕਈ ਭਾਰਤੀ ਹੁਣ ਦੇਸ਼ ਛੱਡਣ ‘ਤੇ ਮਜ਼ਬੂਰ ਹਨ।
ਨੌਕਰੀਆਂ ਦੀ ਕਮੀ ਅਤੇ ਉੱਚੇ ਕਿਰਾਏ
ਕੈਨੇਡਾ ਵਿੱਚ ਨੌਕਰੀਆਂ ਦੀ ਘਾਟ ਇਕ ਵੱਡੀ ਸਮੱਸਿਆ ਬਣ ਗਈ ਹੈ। ਹਾਲ ਹੀ ਵਿੱਚ ਆਏ ਪ੍ਰਵਾਸੀ ਬੇਰੋਜ਼ਗਾਰੀ ਦਰ ਨੂੰ ਵਧਾ ਰਹੇ ਹਨ, ਜਿਸ ਕਾਰਨ ਮਕਾਨਾਂ ਦੇ ਕਿਰਾਏ ਅਸਮਾਨ ਛੂਹ ਰਹੇ ਹਨ। ਜੂਨ ਮਹੀਨੇ ‘ਚ ਅਸਥਾਈ ਲੋਕਾਂ ਦੀ ਬੇਰੁਜ਼ਗਾਰੀ ਦਰ 11 ਫੀਸਦੀ ‘ਤੇ ਪਹੁੰਚ ਗਈ ਸੀ, ਜੋ ਪਿਛਲੇ ਪੰਜ ਸਾਲਾਂ ਵਿੱਚ ਆਏ ਪ੍ਰਵਾਸੀਆਂ ਲਈ ਇੱਕ ਵੱਡੀ ਚੁਨੌਤੀ ਹੈ।
ਵਧਦੀ ਆਬਾਦੀ ਅਤੇ ਘਟਦੇ ਘਰ
ਕੈਨੇਡਾ ਦੀ ਵੱਧ ਰਹੀ ਆਬਾਦੀ ਦੇ ਨਾਲ-ਨਾਲ GDP ਤਾਂ ਵਧ ਰਹੀ ਹੈ, ਪਰ ਨੌਜਵਾਨ ਪੀੜ੍ਹੀ ਅਤੇ ਪ੍ਰਵਾਸੀਆਂ ਲਈ ਜੀਵਨ ਬੇਹੱਦ ਮੁਸ਼ਕਲ ਬਣ ਗਿਆ ਹੈ। ਉੱਚੇ ਕਿਰਾਏ ਅਤੇ ਘਰਾਂ ਦੀ ਘਾਟ ਕਾਰਨ ਕਈ ਵਿਦਿਆਰਥੀਆਂ ਨੂੰ ਕਾਲਜ ਦੇ ਬਾਹਰ ਟੈਂਟ ਲਾ ਕੇ ਰਹਿਣਾ ਪੈ ਰਿਹਾ ਹੈ। ਇਸ ਸਮੇਂ ਕੈਨੇਡਾ ਵਿੱਚ 3 ਲੱਖ ਭਾਰਤੀ ਵਿਦਿਆਰਥੀ ਹਨ ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਛੋਟੀਆਂ ਨੌਕਰੀਆਂ ਕਰਦੇ ਹਨ, ਪਰ ਹੁਣ ਉਹ ਨੌਕਰੀਆਂ ਵੀ ਉਪਲਬਧ ਨਹੀਂ ਹਨ।
ਕੈਨੇਡਾ ਛੱਡ ਰਹੇ ਲੋਕ
ਇਨ੍ਹਾਂ ਹਾਲਾਤਾਂ ਵਿੱਚ, ਕਈ ਲੋਕ ਕੈਨੇਡਾ ਛੱਡਣ ‘ਤੇ ਮਜ਼ਬੂਰ ਹਨ। ਪਿਛਲੇ ਛੇ ਮਹੀਨਿਆਂ ਵਿੱਚ ਹੀ 42 ਹਜ਼ਾਰ ਲੋਕ ਕੈਨੇਡਾ ਛੱਡ ਚੁੱਕੇ ਹਨ, ਅਤੇ ਸਾਲ 2022 ਵਿੱਚ ਇਹ ਗਿਣਤੀ 93 ਹਜ਼ਾਰ ਤੋਂ ਵੱਧ ਸੀ। ਸਾਲ 2021 ਵਿੱਚ ਵੀ 85 ਹਜ਼ਾਰ ਲੋਕਾਂ ਨੇ ਕੈਨੇਡਾ ਨੂੰ ਅਲਵਿਦਾ ਕਹਿ ਦਿੱਤਾ ਸੀ।
ਇਹ ਸਥਿਤੀ ਸਿਰਫ਼ ਕੈਨੇਡਾ ਲਈ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਭਾਰਤੀਆਂ ਲਈ ਵੀ ਇੱਕ ਚੇਤਾਵਨੀ ਹੈ ਜੋ ਸੁਪਨਿਆਂ ਦੀ ਤਲਾਸ਼ ਵਿੱਚ ਪਰਦੇਸੀ ਧਰਤੀ ਨੂੰ ਚੁਣਦੇ ਹਨ।