ਕੈਨੇਡਾ ਅਤੇ ਅਮਰੀਕਾ ਬਹੁਤ ਸਾਲਾਂ ਤੋਂ ਭਾਰਤੀਆਂ, ਵਿਸ਼ੇਸ਼ ਤੌਰ ‘ਤੇ ਪੰਜਾਬੀਆਂ ਲਈ ਮਨਪਸੰਦ ਮੰਜ਼ਿਲਾਂ ਰਹੇ ਹਨ। ਪੰਜਾਬੀ ਇਨ੍ਹਾਂ ਦੇਸ਼ਾਂ ਵਿੱਚ ਦਾਖ਼ਲ ਹੋਣ ਲਈ ਅਕਸਰ ਆਪਣੀ ਜਾਨ ਵੀ ਜੋਖਮ ਵਿੱਚ ਪਾ ਲੈਂਦੇ ਹਨ। ਹਾਲੀਆ ਖ਼ਬਰਾਂ ਦੇ ਅਨੁਸਾਰ, ਭਾਰਤ ਤੋਂ ਲੋਕਾਂ ਨੂੰ ਕੈਨੇਡਾ ਭੇਜਣ ਦੇ ਕਮ ਵਿੱਚ ਲੱਗੇ ਸਥਾਨਕ ਏਜੰਟਾਂ ਨੇ ਹੁਣ ਇੱਕ ਨਵਾਂ ਰਸਤਾ ਕੱਢਿਆ ਹੈ, ਜਿਸ ਕਾਰਨ ਕੁਝ ਮਹੀਨਿਆਂ ਤੋਂ ਉੱਥੇ ਰਿਫਊਜ਼ੀ ਬਣਨ ਵਾਲੇ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਏਜੰਟਾਂ ਵੱਲੋਂ ਨਕਲੀ ਸਪਾਂਸਰਸ਼ਿਪ, ਬੈਂਕ ਖਾਤੇ, ਵਪਾਰ, ਉੱਚ ਅਹੁਦੇ, ਨੌਕਰੀਆਂ, ਕੰਪਿਊਟਰ ਮਾਹਰਤਾ ਅਤੇ ਉੱਚ ਸਿੱਖਿਆ ਦੇ ਮਨਘੜਤ ਸਨਦਾਂ ਜਿਵੇਂ ਕਿ ਐਮ.ਏ. ਤੱਕ ਦੇ ਡਿਪਲੋਮੇ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹੋਏ ਕੈਨੇਡਾ ਦੇ ਵੀਜ਼ੇ ਲਗਵਾਏ ਜਾ ਰਹੇ ਹਨ। ਫਿਰ ਇਨ੍ਹਾਂ ਵੀਜ਼ਿਆਂ ਨਾਲ ਸੀ.ਐੱਨ. ਟਾਵਰ, ਨਿਆਗਰਾ ਫਾਲਜ਼, ਚਿੜੀਆਘਰ, ਲਾਇਬ੍ਰੇਰੀ ਅਤੇ ਹੋਰ ਕਈ ਮੁਸ਼ਹੂਰ ਸੈਲਾਨੀ ਸਥਾਨਾਂ ਦੇ ਦੇਖਣ ਲਈ ਟੂਰ ਪੈਕੇਜ ਬਣਾ ਕੇ ਪੰਜਾਬ, ਹਰਿਆਣਾ, ਗੁਜਰਾਤ, ਉਤਰਾਖੰਡ, ਯੂ.ਪੀ., ਬਿਹਾਰ, ਤਾਮਿਲਨਾਡੂ ਅਤੇ ਉੜੀਸਾ ਤੋਂ ਲੋਕ ਭੇਜੇ ਜਾ ਰਹੇ ਹਨ।
ਕੈਨੇਡਾ ਦੇ ਵੀਜ਼ੇ ਦੀ ਅਰਜ਼ੀ ਨੂੰ ਮਜ਼ਬੂਤ ਬਣਾਉਣ ਲਈ ਵਿਅਕਤੀਆਂ ਦੇ ਪਾਸਪੋਰਟਾਂ ‘ਤੇ ਹੋਰ ਦੇਸ਼ਾਂ ਦੇ ਨਕਲੀ ਵੀਜ਼ਾ ਸਟਿਕਰ ਅਤੇ ਉਨ੍ਹਾਂ ਦੇਸ਼ਾਂ ਵਿੱਚ ਜਾਣ ਦੀਆਂ ਨਕਲੀ ਮੋਹਰਾਂ ਲਗਾ ਕੇ ਇਹ ਦਰਸਾਇਆ ਜਾਂਦਾ ਹੈ ਕਿ ਇਹ ਵਿਅਕਤੀ ਬਹੁਤ ਸਫਰ ਕਰਦਾ ਹੈ। ਆਪਣੇ ਦੇਸ਼ ਵਾਪਸ ਜਾਣ ਦੀ ਬਜਾਏ ਇਹ ਵਿਅਕਤੀ ਕੈਨੇਡਾ ਦੀ ਜੇਲ੍ਹ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਇਨ੍ਹਾਂ ਨੇ ਆਪਣੀ ਜ਼ਮੀਨ ਵੀ ਵੇਚ ਕੇ ਅਤੇ ਲੱਖਾਂ ਰੁਪਏ ਖਰਚ ਕੇ ਇਹ ਰਾਹ ਅਖ਼ਤਿਆਰ ਕੀਤਾ ਹੁੰਦਾ ਹੈ।