ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਚੋਰੀ ਕੀਤਾ ਗਿਆ 400 ਕਿਲੋ ਸੋਨਾ ਅੰਮ੍ਰਿਤਸਰ ਪਹੁੰਚਣ ਦੇ ਸੰਕੇਤ ਮਿਲੇ ਹਨ। ਪੰਜਾਬ ਦੇ ਟੈਕਸੇਸ਼ਨ ਵਿਭਾਗ ਨੇ 190 ਕਿਲੋ ਸੋਨੇ ਦੀ ਖਰੀਦ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਜੋ ਜੀ.ਐਸ.ਟੀ. ਦੀ ਅਦਾਇਗੀ ਬਿਨਾਂ ਕੀਤੀ ਗਈ ਹੈ। ਇਹ ਸੋਨਾ ਅੰਮ੍ਰਿਤਸਰ ਦੇ ਹੋਲਸੇਲ ਵਪਾਰੀ ਵੱਲੋਂ ਖਰੀਦਿਆ ਗਿਆ ਹੈ ਜਿਸ ਦਾ ਮੁੱਲ 140 ਕਰੋੜ ਰੁਪਏ ਹੈ।
ਟੈਕਸੇਸ਼ਨ ਵਿਭਾਗ ਨੇ ਦੱਸਿਆ ਕਿ ਇਸ ਖਰੀਦ ’ਤੇ 4 ਕਰੋੜ 20 ਲੱਖ ਰੁਪਏ ਦੀ ਜੀ.ਐਸ.ਟੀ. ਬਣਦੀ ਹੈ ਜਿਸ ਦੀ ਅਦਾਇਗੀ ਨਹੀਂ ਕੀਤੀ ਗਈ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਸੋਨਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਚੋਰੀ ਕੀਤੇ ਸੋਨੇ ਨਾਲ ਸਬੰਧਤ ਹੈ।
ਅੰਮ੍ਰਿਤਸਰ ਦੇ ਥੋਕ ਵਪਾਰ ਲਈ ਸੋਨੇ ਦਾ ਕੇਂਦਰ ਹੈ, ਜਿੱਥੇ ਉੱਤਰ ਭਾਰਤ ਦੇ ਕਈ ਜਿਊਲਰਜ਼ ਲਈ ਸੋਨਾ ਭੇਜਿਆ ਜਾਂਦਾ ਹੈ। 190 ਕਿਲੋ ਸੋਨੇ ਦੀ ਇਸ ਖੇਪ ਬਾਰੇ ਟੈਕਸੇਸ਼ਨ ਵਿਭਾਗ ਮੰਨਦਾ ਹੈ ਕਿ ਇਹ ਸੋਨਾ ਕਈ ਹਿੱਸਿਆਂ ਵਿੱਚ ਅੰਮ੍ਰਿਤਸਰ ਪਹੁੰਚਿਆ ਹੈ ਅਤੇ ਹੋਲਸੇਲ ਵਪਾਰੀ ਬਿਨਾਂ ਬਿਲ ਦੇ ਖਰੀਦ ਕਰਨ ਵਿੱਚ ਨਾਕਾਮ ਰਹੇ ਹਨ। ਕੁਝ ਦਿਨ ਪਹਿਲਾਂ, ਕੈਨੇਡੀਅਨ ਪੁਲਿਸ ਨੇ 400 ਕਿਲੋ ਸੋਨਾ ਭਾਰਤ ਜਾਂ ਦੁਬਈ ਵਿੱਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ। ਹੁਣ ਪੰਜਾਬ ਦਾ ਟੈਕਸੇਸ਼ਨ ਵਿਭਾਗ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰ ਰਿਹਾ ਹੈ।
ਕੈਨੇਡੀਅਨ ਪੁਲਿਸ ਦਾ ਮੰਨਣਾ ਹੈ ਕਿ 400 ਕਿਲੋ ਸੋਨਾ, ਜਿਸ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ, ਚੋਰੀ ਦੀ ਵਾਰਦਾਤ ਤੋਂ ਬਾਅਦ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾ ਦਿੱਤਾ ਗਿਆ। ਲੁੱਟ ਦੀ ਵਾਰਦਾਤ ਤੋਂ ਇਕ ਸਾਲ ਬਾਅਦ, ਪੁਲਿਸ ਨੇ ਪ੍ਰੈਸ ਕਾਨਫਰੰਸ ਸੱਦੀ ਅਤੇ 9 ਜਣਿਆਂ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ।
ਅਰਚਿਤ ਗਰੋਵਰ, ਜਿਸ ਨੂੰ ਭਾਰਤ ਤੋਂ ਵਾਪਸ ਆਉਣ ’ਤੇ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਗਿਆ, ਉਸ ਟਰੱਕ ਦਾ ਮਾਲਕ ਹੈ ਜੋ ਲੁੱਟ ਦੌਰਾਨ ਵਰਤਿਆ ਗਿਆ ਸੀ। ਅਰਚਿਤ ਦੇ ਕਜ਼ਨ ਅਮਿਤ ਜਲੋਟਾ ਨੇ ਚੋਰੀ ਕੀਤੇ ਸੋਨੇ ਦੀ ਰਾਖੀ ਦਾ ਕੰਮ ਸੰਭਾਲਿਆ ਅਤੇ ਅਰਸਲਾਨ ਚੌਧਰੀ ਨੇ ਉਸ ਦੀ ਮਦਦ ਕੀਤੀ। ਮਿਸੀਸਾਗਾ ਵਿੱਚ ਅਲੀ ਰਜ਼ਾ ਦੀ ਗਹਿਣਿਆਂ ਦੀ ਦੁਕਾਨ ਤੇ ਸੋਨੇ ਨੂੰ ਰੂਪ ਬਦਲਿਆ ਗਿਆ। ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿੱਚ ਲੋੜੀਂਦਾ ਸਿਮਰਨ ਪ੍ਰੀਤ ਪਨੇਸਰ ਨੇ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਹਾਮੀ ਭਰ ਲਈ ਹੈ।