ਕੈਨੇਡਾ ਵਿਚ ਭਾਵੇਂ ਕਾਰਾਂ ਦੀ ਚੋਰੀ ਵਿੱਚ ਕਮੀ ਆਈ ਹੈ, ਪਰ ਇੰਸ਼ੋਰੈਂਸ ਦੀਆਂ ਦਰਾਂ ਮੁੜ ਵਧ ਗਈਆਂ ਹਨ। ਰੇਟਹੱਬ ਡਾਟ ਸੀ.ਏ. ਦੇ ਤਾਜ਼ਾ ਸਰਵੇਖਣ ਮੁਤਾਬਕ, 48% ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਟੋ ਇੰਸ਼ੋਰੈਂਸ ਪ੍ਰੀਮੀਅਮ ਹਾਲ ਹੀ ਦੇ ਸਮੇਂ ਦੌਰਾਨ ਵਧੇ ਹਨ। ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਬੀਮਾ ਦਾਅਵਿਆਂ ਦੀ ਅਦਾਇਗੀ ਕਰਦਿਆਂ ਉਨ੍ਹਾਂ ਨੇ ਡੇਢ ਅਰਬ ਡਾਲਰ ਦੀ ਰਕਮ ਦਿੱਤੀ, ਜੋ 2018 ਦੇ ਮੁਕਾਬਲੇ 254% ਵੱਧ ਹੈ।
ਉਨਟਾਰੀਓ ਵਿੱਚ, ਕਾਰ ਚੋਰੀ ਦੇ ਮਾਮਲੇ ਵਿੱਚ ਦਿੱਤੀ ਗਈ ਰਕਮ 524% ਵਾਧੇ ਨਾਲ ਇਕ ਅਰਬ ਡਾਲਰ ਪਾਰ ਕਰ ਚੁੱਕੀ ਹੈ। ਆਰ.ਐਚ. ਇੰਸ਼ੋਰੈਂਸ ਦੀ ਵਾਇਸ ਪ੍ਰੈਜ਼ੀਡੈਂਟ ਮੌਰਗਨ ਰੌਬਰਟਸ ਕਹਿੰਦੀ ਹੈ ਕਿ ਉਹ ਪਿਛਲੇ 15 ਸਾਲ ਤੋਂ ਕਾਰ ਬੀਮੇ ਦੇ ਖੇਤਰ ਵਿੱਚ ਹੈ ਅਤੇ ਹਮੇਸ਼ਾ ਕਾਰ ਚੋਰੀ ਦੇ ਮਾਮਲੇ ਆਉਂਦੇ ਰਹੇ ਹਨ। ਪਰ ਪਿਛਲੇ ਕੁਝ ਸਾਲਾਂ ਦੌਰਾਨ ਹੋਏ ਵਾਧੇ ਨੇ ਸਾਰੇ ਦੇ ਧਿਆਨ ਨੂੰ ਖਿੱਚਿਆ ਹੈ। ਮਿਚ ਇੰਸ਼ੋਰੈਂਸ ਦੇ ਐਡਮ ਮਿਚਲ ਦਾ ਕਹਿਣਾ ਹੈ ਕਿ ਭਾਵੇਂ ਕਾਰ ਚੋਰੀਆਂ ਦੀਆਂ ਵਾਰਦਾਤਾਂ ਘਟ ਰਹੀਆਂ ਹਨ, ਪਰ ਇੰਸ਼ੋਰੈਂਸ ਪ੍ਰੀਮੀਅਮ ਘਟਣ ਵਿਚ ਸਮਾਂ ਲੱਗੇਗਾ। ਉਹ ਕਹਿੰਦਾ ਹੈ ਕਿ ਭਾਵੇਂ ਤੁਹਾਡਾ ਰਿਕਾਰਡ ਬਿਲਕੁਲ ਸਾਫ ਹੋਵੇ, ਪਰ ਬੀਮਾ ਪ੍ਰੀਮੀਅਮ ਵਿੱਚ ਵਾਧਾ ਹੋਵੇਗਾ।