ਉਨਟਾਰੀਓ ਦੇ ਕੈਨੇਥ ਲਾਅ ਨੂੰ ਨਿਊਜ਼ੀਲੈਂਡ ਵਿਚ ਚਾਰ ਮੌਤਾਂ ਦਾ ਜ਼ਿੰਮੇਵਾਰ ਕਹਿੰਦੇ ਹੋਏ ਉਸ ’ਤੇ ਕਤਲ ਦੇ 14 ਦੋਸ਼ ਲਗਾਏ ਗਏ ਹਨ। ਇਹ ਮੌਤਾਂ 2022 ਤੋਂ 2023 ਦਰਮਿਆਨ ਹੋਈਆਂ ਸਨ, ਜਿਨ੍ਹਾਂ ਵਿੱਚ ਦੋ ਵਿਦਿਆਰਥੀ ਵੀ ਸ਼ਾਮਲ ਸਨ। 58 ਸਾਲਾ ਕੈਨੇਥ ਲਾਅ ਦਾ ਦੋਸ਼ ਹੈ ਕਿ ਉਸ ਨੇ ਇੰਟਰਨੈਟ ਰਾਹੀਂ ਸੋਡੀਅਮ ਨਾਇਟ੍ਰਾਈਟ ਵੇਚਿਆ, ਜਿਸ ਨਾਲ ਦਰਜਨਾਂ ਲੋਕਾਂ ਨੇ ਖੁਦਕੁਸ਼ੀ ਕੀਤੀ।
ਕੈਨੇਡਾ, ਅਮਰੀਕਾ, ਯੂ.ਕੇ., ਇਟਲੀ ਅਤੇ ਆਸਟ੍ਰੇਲੀਆ ਵਿੱਚ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਸਮਰਥਿਤ ਹੋਇਆ ਕਿ ਕੈਨੇਥ ਲਾਅ ਨੇ 160 ਪੈਕਟ ਕੈਨੇਡਾ ਵਿਚ ਅਤੇ 1200 ਤੋਂ ਵੱਧ ਪੈਕਟ 40 ਹੋਰ ਮੁਲਕਾਂ ਵਿਚ ਭੇਜੇ। ਉਸ ਦੇ ਵਕੀਲ ਨੇ ਦੱਸਿਆ ਕਿ ਲਾਅ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਨਹੀਂ ਕਰੇਗਾ।
ਸੋਡੀਅਮ ਨਾਇਟ੍ਰਾਈਟ ਇੱਕ ਜ਼ਹਿਰੀਲਾ ਪਦਾਰਥ ਹੈ ਜੋ ਮੀਟ ਪ੍ਰੋਸੈਸਿੰਗ ਵਿਚ ਵਰਤਿਆ ਜਾਂਦਾ ਹੈ, ਪਰ ਜੇਕਰ ਇਸ ਦੀ ਵੱਧ ਮਾਤਰਾ ਨਿਗਲ ਲਈ ਜਾਏ ਤਾਂ ਸਰੀਰ ਵਿਚ ਆਕਸੀਜਨ ਦਾ ਪੱਧਰ ਘਟਾ ਦਿੰਦਾ ਹੈ ਅਤੇ ਸਾਹ ਆਉਣੇ ਮੁਸ਼ਕਿਲ ਹੋ ਜਾਂਦੇ ਹਨ, ਜੋ ਅੰਤ ਵਿਚ ਮੌਤ ਦਾ ਕਾਰਨ ਬਣਦਾ ਹੈ।
ਕੈਨੇਡਾ ਵਿਚ, ਕੈਨੇਥ ਲਾਅ ਦੇ ਉੱਤੇ ਕੁਲ 28 ਦੋਸ਼ ਹਨ ਅਤੇ ਉਹ ਮਿਸੀਸਾਗਾ ਵਿਚ ਇੱਕ ਸ਼ੈਫ ਵਜੋਂ ਕੰਮ ਕਰਦਾ ਸੀ। ਇਹ ਮਾਮਲਾ ਉਸ ਵੇਲੇ ਸਾਮਣੇ ਆਇਆ ਜਦੋਂ ਅਕਤੂਬਰ 2022 ਵਿਚ ਯੂ.ਕੇ. ਦੇ ਕੌਰੋਨਰ ਦੀ ਰਿਪੋਰਟ ਨੇ ਇੱਕ ਔਰਤ ਦੀ ਖੁਦਕੁਸ਼ੀ ਨੂੰ ਮਿਸੀਸਾਗਾ ਦੇ ਡਾਕ ਬਕਸੇ ਨਾਲ ਜੋੜਿਆ।
ਕੈਨੇਥ ਲਾਅ ਇਸ ਵੇਲੇ ਜੇਲ ਵਿੱਚ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਲੋਕਾਂ ਦੀ ਉਮਰ 18 ਸਾਲ ਤੋਂ ਘੱਟ ਸੀ।