ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਮੁਲਕ ਨੂੰ ਸੰਬੋਧਨ ਕੀਤਾ ਅਤੇ ਰਾਸ਼ਟਰਪਤੀ ਚੋਣਾਂ ‘ਚੋਂ ਹਟਣ ਦਾ ਫੈਸਲਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅੱਗੇ ਵਧਣ ਦਾ ਮੌਕਾ ਹੁਣ ਨਵੀਂ ਪੀੜ੍ਹੀ ਨੂੰ ਦੇਣਾ ਚਾਹੀਦਾ ਹੈ। ਹਾਲ ਹੀ ਦੇ ਚੋਣ ਸਰਵੇਖਣਾਂ ਵਿਚ ਹਾਰ ਦਾ ਖ਼ਤਰਾ ਵੇਖਦੇ ਹੋਏ, ਬਾਇਡਨ ਨੇ ਅਮਰੀਕਾ ਨੂੰ ਹਾਰ ਵੱਲ ਧੱਕਣਾ ਗਲਤ ਮੰਨਿਆ।
ਬਾਇਡਨ ਨੇ ਕਿਹਾ, “ਮੈਂ ਰਾਸ਼ਟਰਪਤੀ ਅਹੁਦੇ ਦਾ ਸਤਿਕਾਰ ਕਰਦਾ ਹਾਂ ਅਤੇ ਅਮਰੀਕਾ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ, ਜੋ ਕਿ ਇੱਕ ਹਕਲਾਉਂਦਾ ਬੱਚਾ ਸੀ, ਅਗੇ ਵਧਣ ਦਾ ਮੌਕਾ ਦੇਣ ਲਈ ਮੈਂ ਸਭਨਾਂ ਦਾ ਧੰਨਵਾਦ ਕਰਦਾ ਹਾਂ।” ਇਸੇ ਸਬੰਧ ਵਿਚ, ਬਾਇਡਨ ਨੇ ਆਪਣੇ ਬਚਪਨ ਦੀ ਹਕਲਾਣੇ ਦੀ ਸਮੱਸਿਆ ਦਾ ਜ਼ਿਕਰ ਵੀ ਕੀਤਾ।
ਬਾਇਡਨ ਨੇ ਸੰਬੋਧਨ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੀ ਖਾਸ ਗੱਲ ਇਹ ਹੈ ਕਿ ਇਥੇ ਲੋਕਾਂ ਦਾ ਰਾਜ ਹੈ, ਨਾ ਕਿ ਕਿਸੇ ਰਾਜੇ ਜਾਂ ਤਾਨਾਸ਼ਾਹ ਦਾ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਾਂ ਲਏ ਬਿਨਾ ਕਿਹਾ ਕਿ ਅਮਰੀਕਾ ਵਾਸੀਆਂ ਨੂੰ ਤਹਿ ਕਰਨਾ ਹੋਵੇਗਾ ਕਿ ਉਹ ਅੱਗੇ ਵਧਣਾ ਚਾਹੁੰਦੇ ਹਨ ਜਾਂ ਪਿੱਛੇ ਜਾਣਾ। ਉਨ੍ਹਾਂ ਨੇ ਲੋਕਾਂ ਨੂੰ ਇਕਜੁਟਤਾ ਅਤੇ ਵੰਡਣ ਵਾਲਿਆਂ ਵਿਚੋਂ ਚੋਣ ਕਰਨ ਲਈ ਕਿਹਾ।
ਓਵਲ ਦਫ਼ਤਰ ਤੋਂ ਕੀਤੇ ਆਪਣੇ ਸੰਬੋਧਨ ਵਿਚ, ਬਾਇਡਨ ਨੇ ਪੂਰੇ ਦੇਸ਼ ਨੂੰ ਪੁੱਛਿਆ ਕਿ ਕੀ ਅਸੀਂ ਹੁਣ ਵੀ ਈਮਾਨਦਾਰੀ, ਸਤਿਕਾਰ, ਆਜ਼ਾਦੀ, ਇਨਸਾਫ਼ ਅਤੇ ਲੋਕਤੰਤਰ ‘ਤੇ ਯਕੀਨ ਕਰਦੇ ਹਾਂ। ਇਸ ਦੌਰਾਨ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਜਿਲ ਬਾਇਡਨ, ਬੇਟੀ ਐਸ਼ਲੇ ਬਾਇਡਨ, ਬੇਟਾ ਹੰਟਰ ਬਾਇਡਨ ਅਤੇ ਹੋਰ ਪਰਵਾਰਕ ਮੈਂਬਰ ਵੀ ਸਨ। ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਵੀ ਮੌਜੂਦ ਸਨ। ਬਾਇਡਨ ਦੇ ਇਕਾਂਤਵਾਸ ਦੌਰਾਨ ਅਫਵਾਹਾਂ ਫੈਲ ਰਹੀਆਂ ਸਨ ਕਿ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ, ਕਿਉਂਕਿ ਉਨ੍ਹਾਂ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਸੀ ਆਈ। ਸੋਸ਼ਲ ਮੀਡੀਆ ‘ਤੇ ਇਕ ਚਿੱਠੀ ਜਾਰੀ ਕਰਕੇ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ‘ਚੋਂ ਹਟਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਚੋਣ ਸਰਵੇਖਣਾਂ ਵਿਚ ਕਮਲਾ ਹੈਰਿਸ ਦੀ ਮਕਬੂਲੀਅਤ ਵਧ ਗਈ ਹੈ ਅਤੇ ਉਨ੍ਹਾਂ ਦਾ ਹੱਥ ਟਰੰਪ ਦੇ ਮੁਕਾਬਲੇ ਉਪਰ ਦੱਸਿਆ ਜਾ ਰਿਹਾ ਹੈ।