ਕੈਨੇਡਾ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਦਿਲਜੀਤ ਦੋਸਾਂਝ ਦੇ ਸੰਗੀਤਕ ਸ਼ੋਅ ਲਈ 100 ਫੌਜੀ ਜਵਾਨਾਂ ਦੀ ਮੰਗ ਕੀਤੀ ਸੀ। ਇਹ ਮੰਗ 27 ਅਪ੍ਰੈਲ ਨੂੰ ਕੀਤੀ ਗਈ ਸੀ, ਜਿਸ ਦੌਰਾਨ ਜਵਾਨਾਂ ਨੂੰ ਸੰਗੀਤਕ ਪ੍ਰਦਰਸ਼ਨ ਲਈ ਪਿਛੇ ਖੜ੍ਹੇ ਕਰਨ ਦੀ ਯੋਜਨਾ ਸੀ। ਸੱਜਣ ਨੇ ਇਸ ਬੇਨਤੀ ਨੂੰ ਕੈਨੇਡੀਅਨ ਆਰਮਡ ਫੋਰਸੇਜ਼ ਦੇ ਕਮਾਂਡਰਾਂ ਨੂੰ ਭੇਜਿਆ ਸੀ, ਪਰ ਕਮਾਂਡਰਾਂ ਨੇ ਇਸ ਬੇਨਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਫੌਜੀ ਜਵਾਨ ਅਜਿਹੇ ਕਿਸੇ ਸਮਾਰੋਹ ਲਈ ਉਪਲਬਧ ਨਹੀਂ ਹਨ।
ਦਰਅਸਲ, ਦਿਲਜੀਤ ਦੋਸਾਂਝ ਦੇ ਇਸ ਪ੍ਰੋਗਰਾਮ ‘ਚ 54,000 ਲੋਕਾਂ ਦੀ ਭੀੜ ਉਮੀਦ ਤੋਂ ਵੀ ਵੱਧ ਸੀ, ਜਿਸ ਨੇ ਇੱਕ ਨਵਾਂ ਰਿਕਾਰਡ ਸਥਾਪਤ ਕੀਤਾ। ਇਹ ਵੈਨਕੂਵਰ ਵਿਚ ਕਿਸੇ ਵੀ ਸੰਗੀਤਕ ਪ੍ਰੋਗਰਾਮ ਲਈ ਸਭ ਤੋਂ ਵੱਡੀ ਭੀੜ ਸੀ। ਦਿਲਜੀਤ ਦੋਸਾਂਝ ਦਾ ਇਹ ਟੂਰ 28 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ 13 ਜੁਲਾਈ ਨੂੰ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿਖੇ ਖਤਮ ਹੋਇਆ।
ਸੱਜਣ ਨੂੰ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ, ਜਿਸ ਵਿਚ ਕੈਨੇਡੀਅਨ ਸਿਪਾਹੀਆਂ ਨੂੰ ਦਿਲਜੀਤ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ। ਮੰਤਰੀ ਸੱਜਣ ਨੇ ਇਸਨੂੰ ਭਿੰਨ-ਭਿੰਨ ਭਾਈਚਾਰਿਆਂ ਦੇ ਨੌਜਵਾਨ ਕੈਨੇਡੀਅਨਾਂ ਨੂੰ ਫੌਜੀ ਸੇਵਾ ਨਾਲ ਜੋੜਨ ਦਾ ਮੌਕਾ ਮੰਨਿਆ। ਸੱਜਣ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਖਰਚੇ ‘ਤੇ ਟਿਕਟਾਂ ਖ਼ਰੀਦ ਕੇ ਸਮਾਰੋਹ ‘ਚ ਹਿੱਸਾ ਲਿਆ।
ਇਹ ਸਮਾਰੋਹ ਬਹੁਤ ਸਫਲ ਰਹਿਣ ਦੇ ਨਾਲ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸ਼ਲਾਘਾ ਪ੍ਰਾਪਤ ਕਰ ਚੁਕਾ ਹੈ। ਟਰੂਡੋ ਨੇ ਦਿਲਜੀਤ ਦੋਸਾਂਝ ਦੇ ਇਸ ਪ੍ਰੋਗਰਾਮ ਦੀ ਤਾਰੀਫ਼ ਕੀਤੀ ਅਤੇ ਉਸਦੇ ਪ੍ਰਦਰਸ਼ਨ ਦੀ ਮੱਨਿਆਤਾ ਦਿੱਤੀ।